#CANADA

ਕੈਨੇਡਾ ‘ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ

ਕੈਲਗਰੀ/ਹਠੂਰ, 25 ਅਕਤੂਬਰ (ਪੰਜਾਬ ਮੇਲ)- ਕੈਨੇਡਾ ਦੇ ਕੈਲਗਰੀ ‘ਚ ਰਹਿਣ ਵਾਲੇ ਪੰਜਾਬੀ ਨੌਜਵਾਨ ਗੁਰਮਿੰਦਰ ਸਿੰਘ ਗਰੇਵਾਲ (24) ਦੀ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਦੇਹੜਕਾ ਦੇ ਗੁਰਮਿੰਦਰ ਸਿੰਘ ਗਰੇਵਾਲ ਪੁੱਤਰ ਬਲਜੀਤ ਸਿੰਘ ਗਰੇਵਾਲ ਦੀ ਮੌਤ ਦੀ ਖਬਰ ਮਿਲਣ ‘ਤੇ ਇਲਾਕੇ ‘ਚ ਸੋਗ ਦੀ ਲਹਿਰ ਫੈਲ ਗਈ ਅਤੇ ਇਸ ਦੁਖਦਾਈ ਖ਼ਬਰ ਨੇ ਪਰਿਵਾਰ ਦਾ ਦਿਲ ਝੰਜੋੜ ਕੇ ਰੱਖ ਦਿੱਤਾ ਹੈ।
ਜਾਣਕਾਰੀ ਦਿੰਦਿਆਂ ਨੌਜਵਾਨ ਗੁਰਮਿੰਦਰ ਸਿੰਘ ਦੇ ਚਾਚਾ ਅਵਤਾਰ ਸਿੰਘ ਗਰੇਵਾਲ ਨੇ ਦੱਸਿਆ ਕਿ ਗੁਰਮਿੰਦਰ ਸਾਢੇ 5 ਸਾਲ ਪਹਿਲਾਂ +2 ਦੀ ਪੜ੍ਹਾਈ ਤੋਂ ਬਾਅਦ ਆਈਲੈਟਸ ਕਰਕੇ ਕੈਨੇਡਾ ਦੇ ਸ਼ਹਿਰ ਕੈਲਗਰੀ ਗਿਆ ਸੀ। ਬੀਤੇ ਦਿਨੀਂ ਉਹ ਸੈਮੀ ਟਰੱਕ ਲੈ ਕੇ ਐਡਮਿੰਟਨ ਜਾ ਰਿਹਾ ਸੀ, ਤਾਂ ਰਸਤੇ ‘ਚ ਟਰੱਕ ‘ਚ ਮਕੈਨੀਕਲ ਖਰਾਬੀ ਆ ਗਈ ਤੇ ਉਹ ਟਰੱਕ ਸੜਕ ਦੇ ਕਿਨਾਰੇ ਖੜ੍ਹਾ ਕਰਕੇ ਪੁਲਿਸ ਨੂੰ ਸੂਚਿਤ ਕਰਨ ਤੋਂ ਬਾਅਦ ਟਰੱਕ ਦੇ ਦੁਆਲੇ ਰਿਫਲੈਕਟਰ ਲਗਾਉਣ ਲੱਗ ਗਿਆ। ਇਸ ਦੌਰਾਨ ਇਕ ਤੇਜ਼ ਰਫ਼ਤਾਰ ਆ ਰਹੀ ਐਕਸਯੂਵੀ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਗੁਰਮਿੰਦਰ ਮੌਕੇ ‘ਤੇ ਹੀ ਦਮ ਤੋੜ ਗਿਆ।
ਉਨ੍ਹਾਂ ਦੱਸਿਆ ਕਿ ਗੁਰਮਿੰਦਰ ਸਿੰਘ ਨੇ ਕੈਨੇਡਾ ‘ਚ ਪੱਕਾ ਹੋਣ ਤੋਂ ਬਾਅਦ ਹੁਣ ਪਿੰਡ ਪਰਤਣਾ ਸੀ। ਉਸ ਨੇ ਕੁਝ ਦਿਨ ਪਹਿਲਾਂ ਪੀ.ਆਰ. ਹੋਣ ਦੀ ਖੁਸ਼ਖਬਰੀ ਮਾਪਿਆਂ ਨੂੰ ਦਿੰਦਿਆਂ ਕਿਹਾ ਸੀ ਕਿ ਉਹ ਜਲਦ ਹੀ ਪਿੰਡ ਆਵੇਗਾ ਪਰ ਪਿੰਡ ਆਉਣ ਤੋਂ ਪਹਿਲਾਂ ਹੀ ਇਹ ਕਹਿਰ ਵਰਤ ਗਿਆ। ਗੁਰਮਿੰਦਰ ਦੇ ਮਾਪਿਆਂ ਦਾ ਆਪਣੇ ਲਾਡਲੇ ਪੁੱਤ ਨੂੰ ਮਿਲਣ ਦਾ ਸੁਪਨਾ ਅਧੂਰਾ ਰਹਿ ਗਿਆ। ਉਨ੍ਹਾਂ ਦੱਸਿਆ ਕਿ ਗੁਰਮਿੰਦਰ ਸਿੰਘ ਦੀ ਮ੍ਰਿਤਕ ਦੇਹ ਪੰਜਾਬ ਆਉਣ ਉਪਰੰਤ ਅੰਤਿਮ ਸੰਸਕਾਰ ਕੀਤਾ ਜਾਵੇਗਾ।

Leave a comment