-ਭਾਰਤੀਆਂ ਨੂੰ ਵੀ ਹੋਵੇਗਾ ਫਾਇਦਾ
ਵੈਨਕੂਵਰ, 3 ਜੂਨ (ਪੰਜਾਬ ਮੇਲ)- ਕੈਨੇਡਾ ਨੇ ਦੇਸ਼ ਵਿਚ ਲੇਬਰ ਫੋਰਸ ਨੂੰ ਵਧਾਉਣ ਦੇ ਲਈ ਅਤੇ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਵਿਚ ਐਕਸਪ੍ਰੈੱਸ ਐਂਟਰੀ ਨਿਯਮ ਸਿਸਟਮ ਲਾਂਚ ਕੀਤਾ ਹੈ। ਕੈਨੇਡਾ ਦੇ ਨਾਗਰਿਕਤਾ ਮੰਤਰੀ ਸੀਨ ਫਰੇਜ਼ਰ ਨੇ 31 ਮਈ ਨੂੰ ਦੇਸ਼ ਦੇ ਪ੍ਰਮੁੱਖ ਆਰਥਿਕ ਇਮੀਗ੍ਰੇਸ਼ਨ ਪ੍ਰਬੰਧਨ ਪ੍ਰਣਾਲੀ ਦੇ ਤਹਿਤ ਐਕਸਪ੍ਰੈੱਸ ਐਂਟਰੀ ਲਈ ਸ਼੍ਰੇਣੀ-ਆਧਾਰਿਤ ਕਾਉਂਸਲਿੰਗ ਦਾ ਐਲਾਨ ਕੀਤਾ। ਕੈਨੇਡਾ ਦੀ ਕੈਟਾਗਰੀ ਆਧਾਰਿਤ ਕਾਊਂਸਲਿੰਗ ਤਹਿਤ ਉਨ੍ਹਾਂ ਲੋਕਾਂ ਨੂੰ ਪਹਿਲ ਦਿੱਤੀ ਜਾਵੇਗੀ, ਜਿਨ੍ਹਾਂ ਦੀ ਫ੍ਰੈਂਚ ਭਾਸ਼ਾ ‘ਤੇ ਚੰਗੀ ਪਕੜ ਹੈ। ਕੈਨੇਡਾ ਦੇ ਐਕਸਪ੍ਰੈੱਸ ਐਂਟਰੀ ਸਿਸਟਮ ਵਿਚ ਕੀਤੇ ਗਏ ਬਦਲਾਅ ਨਾਲ ਹੁਨਰਮੰਦ ਮਜ਼ਦੂਰਾਂ ਨੂੰ ਬੁਲਾ ਕੇ ਕੰਮ ਦੇਣ ਵਿਚ ਆਸਾਨੀ ਹੋਵੇਗੀ ਅਤੇ ਉਨ੍ਹਾਂ ਨੂੰ ਪਰਮਾਨੈਂਟ ਘਰ ਵੀ ਦਿੱਤਾ ਜਾਵੇਗਾ। ਕੈਨੇਡਾ ਆਪਣੀ ਨਵੀਂ ਐਕਸਪ੍ਰੈਸ ਐਂਟਰੀ ਤਹਿਤ ਦੁਨੀਆਂ ਭਰ ਤੋਂ ਹੁਨਰਮੰਦ ਮਜ਼ਦੂਰਾਂ ਨੂੰ ਬੁਲਾਉਣ ਦੀ ਕੋਸ਼ਿਸ਼ ਕਰੇਗਾ। ਕੈਨੇਡਾ ਦੀ ਐਕਸਪ੍ਰੈੱਸ ਐਂਟਰੀ ਪ੍ਰਣਾਲੀ ਵਿਚ ਕੀਤੇ ਗਏ ਬਦਲਾਅ ਤੋਂ ਭਾਰਤੀਆਂ ਨੂੰ ਕਾਫੀ ਫਾਇਦਾ ਹੋਣ ਵਾਲਾ ਹੈ, ਕਿਉਂਕਿ ਪੂਰੀ ਦੁਨੀਆਂ ਵਿਚ ਭਾਰਤੀ ਹੁਨਰਮੰਦ ਪੇਸ਼ੇਵਰਾਂ ਦੀ ਭਾਰੀ ਮੰਗ ਹੈ। ਕੈਨੇਡਾ ਵਿਚ ਪਹਿਲਾਂ ਹੀ ਭਾਰਤੀਆਂ ਦੀ ਵੱਡੀ ਗਿਣਤੀ ਹੈ, ਜੋ ਕਿ 14 ਲੱਖ ਦੇ ਕਰੀਬ ਹੈ। ਇਹ ਪੂਰੇ ਦੇਸ਼ ਦੀ ਆਬਾਦੀ ਦਾ 1.4 ਫੀਸਦੀ ਹੈ।
ਕੈਨੇਡਾ ਦੀ ਇਸ ਨਵੀਂ ਐਕਸਪ੍ਰੈੱਸ ਐਂਟਰੀ ਪ੍ਰਣਾਲੀ ਦੀ ਮਦਦ ਨਾਲ ਭਾਰਤੀ ਸਥਾਈ ਨਿਵਾਸ ਪ੍ਰਾਪਤ ਕਰ ਸਕਦੇ ਹਨ। ਸਾਲ 2021 ਵਿਚ, 4,05,999 ਲੋਕਾਂ ਨੇ ਕੈਨੇਡਾ ਵਿਚ ਪਰਮਾਨੈਂਟ ਰੈਜ਼ੀਡੈਂਸੀ ਹਾਸਲ ਕੀਤੀ ਸੀ, ਜਿਨ੍ਹਾਂ ਵਿਚੋਂ 1,27,933 ਯਾਨੀ ਆਬਾਦੀ ਦਾ ਇੱਕ ਤਿਹਾਈ ਹਿੱਸਾ ਭਾਰਤੀਆਂ ਦੀ ਸੀ।