#PUNJAB

ਕੈਨੇਡਾ ‘ਚ ਲੱਖਾਂ ਪੰਜਾਬੀ ਵਿਦਿਆਰਥੀਆਂ ‘ਤੇ ਲਟਕੀ ਪੀ.ਆਰ. ਨਾ ਮਿਲਣ ਦੀ ਤਲਵਾਰ

-ਮਾਪਿਆਂ ਨੂੰ ਸਤਾਉਣ ਲੱਗਾ ਡਰ
ਚੰਡੀਗੜ੍ਹ, 25 ਸਤੰਬਰ (ਪੰਜਾਬ ਮੇਲ)- ਭਾਰਤ ਨੇ ਕੈਨੇਡੀਅਨ ਨਾਗਰਿਕਾਂ ਨੂੰ ਵੀਜ਼ਾ ਦੇਣ ‘ਤੇ ਰੋਕ ਲਗਾ ਦਿੱਤੀ ਹੈ। ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੇ ਵਿਵਾਦ ਕਾਰਨ ਕੈਨੇਡਾ ‘ਚ ਰਹਿੰਦੇ ਅਤੇ ਭਾਰਤ ਤੋਂ ਕੈਨੇਡਾ ਜਾਣ ਦੀ ਤਿਆਰੀ ਕਰ ਰਹੇ ਵਿਦਿਆਰਥੀ ਵੀ ਹੁਣ ਚਿੰਤਾ ‘ਚ ਡੁੱਬੇ ਹੋਏ ਹਨ। ਇਸ ਸਮੇਂ ਕੈਨੇਡਾ ‘ਚ 3,20,000 ਤੋਂ ਵੀ ਵੱਧ ਭਾਰਤੀ ਵਿਦਿਆਰਥੀ ਸਟੂਡੈਂਟ ਵੀਜ਼ਾ ‘ਤੇ ਹਨ, ਜਿਨ੍ਹਾਂ ‘ਚੋਂ 1,60,000 ਵਿਦਿਆਰਥੀ ਪੰਜਾਬੀ ਹਨ।
ਅਜਿਹੇ ‘ਚ ਜੇਕਰ ਕੈਨੇਡਾ ਨੇ ਵੀ ਸਖ਼ਤੀ ਨਾਲ ਫ਼ੈਸਲੇ ਲੈਣੇ ਸ਼ੁਰੂ ਕਰ ਦਿੱਤੇ, ਤਾਂ ਉੱਥੇ ਜਾ ਕੇ ਵਸਣ ਵਾਲੇ ਵਿਦਿਆਰਥੀਆਂ ਨੂੰ ਪੀ.ਆਰ. ਦਾ ਸੁਪਨਾ ਟੁੱਟਣ ਦਾ ਡਰ ਸਤਾਉਣ ਲੱਗੇਗਾ। ਇਸ ਦਾ ਕਾਰਨ ਇਹ ਹੈ ਕਿ ਸਟੱਡੀ ਪੂਰੀ ਹੋਣ ਤੋਂ ਬਾਅਦ ਵਰਕ ਪਰਮਿਟ ਜਾਂ ਪੀ.ਆਰ. ਲਈ ਅਪਲਾਈ ਕਰ ਸਕਦੇ ਹੋ। ਜੇਕਰ ਇਸ ‘ਤੇ ਰੋਕ ਲਗਾ ਦਿੱਤੀ ਜਾਂਦੀ ਹੈ, ਤਾਂ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਲਈ ਬਹੁਤ ਵੱਡੀ ਦਿੱਕਤ ਖੜ੍ਹੀ ਹੋ ਜਾਵੇਗੀ। ਜ਼ਿਆਦਾਤਰ ਅਜਿਹੇ ਪਰਿਵਾਰ ਹਨ, ਜਿਨ੍ਹਾਂ ਨੇ 25 ਲੱਖ ਤੱਕ ਦਾ ਕਰਜ਼ਾ ਲੈ ਕੇ ਬੱਚਿਆਂ ਨੂੰ ਵਿਦੇਸ਼ ਭੇਜਿਆ ਹੈ।
ਭਾਰਤ ਦੇ ਵੀਜ਼ਾ ਰੋਕਣ ਦੇ ਫ਼ੈਸਲੇ ਨੂੰ ਲੈ ਕੇ ਕੈਨੇਡਾ ਦੇ ਅਰਥ ਮਾਹਿਰ ਵੀ ਚਿੰਤਾ ‘ਚ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਹਨ 20 ਲੱਖ ਭਾਰਤੀ, ਜੋ ਹਰ ਸਾਲ ਲਗਭਗ 3 ਲੱਖ ਕਰੋੜ ਤੋਂ ਵੱਧ ਦਾ ਯੋਗਦਾਨ ਦਿੰਦੇ ਹਨ। ਹਰ ਸਾਲ ਲਗਭਗ 75 ਹਜ਼ਾਰ ਕਰੋੜ ਰੁਪਏ ਤਾਂ ਸਿਰਫ਼ ਭਾਰਤ ਤੋਂ ਜਾਣ ਵਾਲੇ ਵਿਦਿਆਰਥੀ ਫ਼ੀਸ ਦੇ ਤੌਰ ‘ਤੇ ਦਿੰਦੇ ਹਨ।

Leave a comment