ਟੋਰਾਂਟੋ, 1 ਜੂਨ (ਪੰਜਾਬ ਮੇਲ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ 2022 ਵਿਚ ਇਕ ਭਾਰਤੀ ਵਿਦਿਆਰਥਣ ਦਾ ਕਤਲ ਕਰਨ ਦੇ ਦੋਸ਼ੀ ਵਿਅਕਤੀ ‘ਤੇ ਦੂਜੇ ਦਰਜੇ ਦੇ ਕਤਲ ਦੇ ਦੋਸ਼ ‘ਚ ਮੁਕੱਦਮਾ ਚੱਲੇਗਾ। ਇਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਓਕਾਨਾਗਨ ਕੈਂਪਸ ਵਿਚ 24 ਸਾਲਾ ਹਰਮਨਦੀਪ ਕੌਰ ‘ਤੇ 26 ਫਰਵਰੀ, 2022 ਨੂੰ ਹੋਏ ਹਮਲੇ ਤੋਂ ਬਾਅਦ 23 ਸਾਲਾ ਦਾਂਤੇ ਓਗਨੀਬੇਨ-ਹੇਬਰਨ ਨੂੰ ਮਾਨਸਿਕ ਸਿਹਤ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਕ ਮਹੀਨੇ ਬਾਅਦ ਉਸ ‘ਤੇ ਹਰਮਨਦੀਪ ਕੌਰ ਦੇ ਕਤਲ ਦਾ ਦੋਸ਼ ਲਗਾਇਆ ਗਿਆ ਸੀ ਅਤੇ ਉਦੋਂ ਤੋਂ ਉਹ ਹਿਰਾਸਤ ਵਿਚ ਹੈ। ਗਲੋਬਲ ਨਿਊਜ਼ ਨੇ ਦੱਸਿਆ ਕਿ ਹੁਣ ਮੁਕੱਦਮੇ ਦੀ ਤਾਰੀਖ਼ ਤੈਅ ਕਰਨ ਲਈ ਉਸ ਦੇ 12 ਜੂਨ ਨੂੰ ਅਦਾਲਤ ਵਿਚ ਮੁੜ ਪੇਸ਼ ਹੋਣ ਦੀ ਉਮੀਦ ਹੈ। ਹਰਮਨਦੀਪ ਕੌਰ ਇਕ ਵਿਦਿਆਰਥਣ ਸੀ ਅਤੇ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਓਕਾਨਾਗਨ ਕੈਂਪਸ ਵਿਚ ਸੁਰੱਖਿਆ ਗਾਰਡ ਵਜੋਂ ਵੀ ਕੰਮ ਕਰਦੀ ਸੀ, ਜਦੋਂ ਉਸ ‘ਤੇ ਜਾਨਲੇਵਾ ਹਮਲਾ ਹੋਇਆ ਸੀ। ਹਰਮਨਦੀਪ ਕੌਰ, ਜੋ ਕਿ ਭਾਰਤ ਤੋਂ ਆਈ ਸੀ, ਕੈਨੇਡਾ ਵਿਚ ਪੰਜ ਸਾਲਾਂ ਤੋਂ ਰਹਿ ਰਹੀ ਸੀ ਅਤੇ ਪੈਰਾਮੈਡਿਕ ਬਣਨ ਦੀ ਇੱਛਾ ਰੱਖਦੀ ਸੀ।