#CANADA

ਕੈਨੇਡਾ ‘ਚ ਭਾਰਤੀ ਵਿਦਿਆਰਥਣਾਂ ਨੂੰ ਵੇਸਵਾਘਰਾਂ ਦੇ ਦਲਾਲ ਬਣਾ ਰਹੇ ਨੇ ਆਪਣਾ ਸ਼ਿਕਾਰ!

-ਇਕ ਕੁੜੀ ਤੋਂ ਕਮਾਉਂਦੇ ਹਨ 2 ਕਰੋੜ
ਟੋਰਾਂਟੋ, 19 ਮਈ (ਪੰਜਾਬ ਮੇਲ)- ਭਾਰਤੀ ਕੌਮਾਂਤਰੀ ਵਿਦਿਆਰਥਣਾਂ ਨੂੰ ਇਥੇ ਸਰਗਰਮ ਵੇਸ਼ਵਾਘਰਾਂ ਦੇ ਦਲਾਲ ਆਪਣਾ ਸ਼ਿਕਾਰ ਬਣਾ ਰਹੇ ਹਨ। ਇਨ੍ਹਾਂ ਦਲਾਲਾਂ ਨੂੰ ਸਥਾਨਕ ਭਾਸ਼ਾ ਵਿਚ ਪਿੰਪਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਇਥੇ ਗ੍ਰੇਟਰ ਟੋਰੰਟੋ ਏਰੀਆ (ਜੀ.ਟੀ.ਏ.) ਵਿਚ ਸਿੱਖਿਆ ਕੰਪਲੈਕਸਾਂ, ਬੱਸ ਸਟਾਪਸ, ਕੰਮ ਵਾਲੇ ਸਥਾਨਾਂ ਅਤੇ ਇਥੋਂ ਤੱਕ ਕਿ ਧਾਰਮਿਕ ਸਥਾਨਾਂ ‘ਤੇ ਵੀ ਆਪਣਾ ਸ਼ਿਕਾਰ ਲੱਭਦੇ ਹਨ, ਜਿਨ੍ਹਾਂ ਵਿਚ ਦੂਸਰੇ ਦੇਸ਼ਾਂ ਤੋਂ ਪੜ੍ਹਨ ਲਈ ਆਈਆਂ ਕੁੜੀਆਂ ਹੁੰਦੀਆਂ ਹਨ। ਜੀ.ਟੀ.ਏ. ਵਿਚ ਭਾਰਤੀ ਵਿਦਿਆਰਥਣਾਂ ਦੀ ਸੈਕਸ ਟ੍ਰੈਫਿਕਿੰਗ ਤੇਜ਼ੀ ਨਾਲ ਵਧੀ ਹੈ। ਇਸਦਾ ਦੁੱਖ ਭਰਿਆ ਪਹਿਲੂ ਇਹ ਹੈ ਕਿ ਇਨ੍ਹਾਂ ਕੁੜੀਆਂ ਦਾ ਸ਼ੋਸ਼ਣ ਕਰਨ ਵਾਲੇ ਪਿੰਪਸ ਵੀ ਇੰਡੋ-ਕੈਨੇਡੀਅਨ ਭਾਈਚਾਰੇ ਤੋਂ ਹਨ। ਪਿਛਲੇ ਸਾਲ ਅਗਸਤ ‘ਚ ਇਕ 18 ਸਾਲ ਦੀ ਭਾਰਤੀ ਵਿਦਿਆਰਥਣ ਨੂੰ ਵੇਸ਼ਵਾਗਮਨੀ ਵਿਚ ਧੱਕਣ ਲਈ ਤਿੰਨ ਇੰਡੋ-ਕੈਨੇਡੀਅਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਹ ਲੋਕ ਆਨਲਾਈਨ ਸੈਕਸ ਸੇਵਾਵਾਂ ਚਲਾ ਰਹੇ ਸਨ।
ਟੋਰਾਂਟੋ ਵਿਚ ਅਜਿਹੀਆਂ ਪੀੜਤ ਵਿਦਿਆਰਥਣਾਂ ਦੀ ਮਦਦ ਲਈ ਐਲਸਪੇਥ ਹੇਵਰਥ ਸੈਂਟਰ ਚਲਾਉਣ ਵਾਲੀ ਸੁੰਦਰ ਸਿੰਘ ਦੱਸਦੀ ਹੈ ਕਿ ਇਕ ਦਲਾਲ ਨੂੰ ਇਕ ਕੁੜੀ ਤੋਂ ਸਾਲ ਦੀ ਲਗਭਗ 2.3 ਲੱਖ ਡਾਲਰ ਦੀ ਕਮਾਈ ਹੁੰਦੀ ਹੈ। ਭਾਰਤੀ ਰੁਪਏ ਵਿਚ ਇਹ ਰਕਮ ਦੋ ਕਰੋੜ ਰੁਪਏ ਦੇ ਲਗਭਗ ਬਣਦੀ ਹੈ। ਇਸ ਵਿਚੋਂ ਕੁੜੀ ਨੂੰ ਕੁਝ ਨਹੀਂ ਮਿਲਦਾ। ਉਸਨੂੰ ਸਿਰਫ ਖਾਣਾ ਅਤੇ ਰਹਿਣ ਦੀ ਥਾਂ ਦਿੱਤੀ ਜਾਂਦੀ ਹੈ। ਅਸਲ ਵਿਚ ਉਹ ਉਨ੍ਹਾਂ ਦੀ ਬੰਧਕ ਬਣਕੇ ਰਹਿ ਜਾਂਦੀ ਹੈ। ਉਹ ਕਹਿੰਦੀ ਹੈ ਕਿ ਭਾਰਤੀ ਵਿਦਿਆਰਥਣਾਂ ਦਾ ਵਧਦਾ ਸ਼ੋਸ਼ਣ ਸਾਡੇ ਲਈ ਚਿੰਤਾ ਵਾਲੀ ਗੱਲ ਹੈ।
ਸੈਕਸ ਟਰੇਡ ਵਿਚ ਫਸਣ ਲਈ ਸਿਰਫ ਇਕ ਰਾਤ ਹੀ ਬਹੁਤ ਹੁੰਦੀ ਹੈ। ਵੇਸ਼ਵਾਘਰਾਂ ਦੇ ਦਲਾਲ ਜਿਨ੍ਹਾਂ ਕੁੜੀਆਂ ਨੂੰ ਫਸਾਉਂਦੇ ਹਨ, ਉਨ੍ਹਾਂ ਤੋਂ ਪਹਿਲਾਂ ਉਨ੍ਹਾਂ ਦੇ ਪਰਿਵਾਰ ਬਾਰੇ ਪੂਰੀ ਜਾਣਕਾਰੀ ਲੈ ਲੈਂਦੇ ਹਨ ਅਤੇ ਫਿਰ ਉਨ੍ਹਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰਦੇ ਹਨ। ਉਨ੍ਹਾਂ ਕੋਲ ਆਤਮਸਮਰਪਣ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਰਹਿੰਦਾ।
ਬਰੈਂਪਟਨ ਦੀ ਰਹਿਣ ਵਾਲੀ ਇਕ ਬਜ਼ੁਰਗ ਇੰਡੋ-ਕੈਨੇਡੀਅਨ ਔਰਤ ਮੁਤਾਬਕ ਉਨ੍ਹਾਂ ਦੀ ਫੈਮਿਲੀ ਨਰਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਹਰ ਮਹੀਨੇ 10-12 ਭਾਰਤੀ ਵਿਦਿਆਰਥਣਾਂ ਦਾ ਗਰਭਪਾਤ ਕਰਵਾਉਂਦੀ ਹੈ। ਪਹਿਲਾਂ ਇੰਝ ਨਹੀਂ ਸੀ। ਹਾਲਾਂਕਿ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕਈ ਕੁੜੀਆਂ ਆਪਣੇ ਖਰਚੇ ਪੂਰੇ ਕਰਨ ਲਈ ਜਾਣਬੁੱਝ ਕੇ ਇਸ ਧੰਦੇ ਵਿਚ ਆ ਰਹੀਆਂ ਹਨ।
ਸੁੰਦਰ ਸਿੰਘ ਦੱਸਦੀ ਹੈ ਕਿ ਕੈਨੇਡਾ ਵਿਚ ਜੋ ਇੰਟਰਨੈਸ਼ਨਲ ਵਿਦਿਆਰਥੀ ਆਉਂਦੇ ਹਨ, ਉਨ੍ਹਾਂ ਵਿਚ 90 ਫੀਸਦੀ ਵਿਦਿਆਰਥਣਾਂ ਹੁੰਦੀਆਂ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਪੰਜਾਬ ਤੋਂ ਹੁੰਦੀਆਂ ਹਨ। ਇਨ੍ਹਾਂ ਕੁੜੀਆਂ ਲਈ ਇਕ ਵੱਡੇ ਪੱਛਮੀ ਸ਼ਹਿਰ ਦੀ ਸੰਸਕ੍ਰਿਤੀ ਇਕਦਮ ਵੱਖ ਹੁੰਦੀ ਹੈ ਅਤੇ ਇਹ ਆਸਾਨੀ ਨਾਲ ਦਲਾਲਾਂ ਦੇ ਜਾਲ ਵਿਚ ਫਸ ਜਾਂਦੀਆਂ ਹਨ।

Leave a comment