#CANADA

ਕੈਨੇਡਾ ‘ਚ ਭਾਰਤੀ ਮੁਟਿਆਰ ਦੀ ਸੜਕ ਹਾਦਸੇ ਦੌਰਾਨ ਮੌਤ;

ਸ਼ੱਕੀ ਪੁਲਿਸ ਵੱਲੋਂ ਗ੍ਰਿਫਤਾਰ
ਮਾਲਟਨ, 5 ਸਤੰਬਰ (ਪੰਜਾਬ ਮੇਲ)- ਸਿਰਫ ਚਾਰ ਮਹੀਨੇ ਪਹਿਲਾਂ ਕੈਨੇਡਾ ਆਈ ਕੀਰਤੀ ਬਵੇਜਾ ਨੂੰ ਜਾਨਲੇਵਾ ਟੱਕਰ ਮਾਰ ਕੇ ਫਰਾਰ ਹੋਣ ਵਾਲਾ ਸ਼ੱਕੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਮਾਲਟਨ ਵਿਖੇ 23 ਅਗਸਤ ਨੂੰ ਵੱਡੇ ਤੜਕੇ ਵਾਪਰੇ ਹਾਦਸੇ ਦੀ ਪੜਤਾਲ ਕਰ ਰਹੀ ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ 22 ਸਾਲ ਦੀ ਮੁਟਿਆਰ ਸਾਈਕਲ ‘ਤੇ ਜਾ ਰਹੀ ਸੀ, ਜਦੋਂ ਉਸ ਨੂੰ ਇਕ ਤੇਜ਼ ਰਫ਼ਤਾਰ ਗੱਡੀ ਨੇ ਟੱਕਰ ਮਾਰੀ। ਪੁਲਿਸ ਮੁਤਾਬਕ ਨੀਲੇ ਰੰਗ ਦੀ 2018 ਮਾਡਲ ਮਾਜ਼ਦਾ 3 ਗੱਡੀ ਏਅਰਪੋਰਟ ਰੋਡ ‘ਤੇ ਉਤਰ ਵੱਲ ਜਾ ਰਹੀ ਸੀ, ਜਦੋਂ ਹਾਦਸਾ ਵਾਪਰਿਆ ਅਤੇ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਬਾਅਦ ਵਿਚ ਇਹ ਗੱਡੀ ਰੈਕਸਡੇਲ ਬੁਲੇਵਾਰਡ ਦੇ ਦੱਖਣ ਵੱਲ ਗੋਰਵੇਅ ਡਰਾਈਵ ਇਲਾਕੇ ਵਿਚ ਖੜ੍ਹੀ ਮਿਲੀ। ਪੁਲਿਸ ਵੱਲੋਂ ਹਾਦਸੇ ਵਿਚ ਮਰਨ ਵਾਲੀ ਮੁਟਿਆਰ ਦੀ ਸ਼ਨਾਖਤ ਜਨਤਕ ਨਹੀਂ ਕੀਤੀ ਗਈ ਪਰ ਉਸ ਦੇ ਦੋਸਤਾਂ ਮੁਤਾਬਕ ਕੀਰਤੀ ਬਵੇਜਾ 24 ਅਪ੍ਰੈਲ ਨੂੰ ਬਤੌਰ ਸਟੂਡੈਂਟ ਕੈਨੇਡਾ ਆਈ ਸੀ। ਗ੍ਰਿਫ਼ਤਾਰ ਸ਼ਖਸ ਦੀ ਸ਼ਨਾਖਤ ਟ੍ਰੈਸ਼ੌਨ ਡੈਲਪੀਚ ਵਜੋਂ ਕੀਤੀ ਗਈ ਹੈ, ਜੋ 15 ਸਤੰਬਰ ਨੂੰ ਅਦਾਲਤ ਵਿਚ ਪੇਸ਼ੀ ਤੱਕ ਹਿਰਾਸਤ ਵਿਚ ਰਹੇਗਾ।

Leave a comment