#CANADA

ਕੈਨੇਡਾ ‘ਚ ਬੇਰੋਜ਼ਗਾਰੀ ਦਰ 5.5 ਫੀਸਦੀ ਤੱਕ ਪੁੱਜੀ

ਟੋਰਾਂਟੋ, 8 ਅਗਸਤ (ਪੰਜਾਬ ਮੇਲ)- ਸਟੈਟੇਸਟਿਕ ਕੈਨੇਡਾ ਵੱਲੋਂ ਜਾਰੀ ਕੀਤੇ ਗਏ ਡਾਟਾ ਅਨੁਸਾਰ ਜੁਲਾਈ ਵਿਚ ਕੈਨੇਡਾ ਦੀ ਜੌਬ ਮਾਰਕਿਟ ਵਿਚ ਮਾਮੂਲੀ ਜਿਹਾ ਬਦਲਾਅ ਦਰਜ ਕੀਤਾ ਗਿਆ। ਇਸ ਮਹੀਨੇ ਬੇਰੋਜ਼ਗਾਰੀ ਦਰ 5.5 ਫੀਸਦੀ ਤੱਕ ਜਾ ਅੱਪੜੀ।
ਮਈ ਤੇ ਜੂਨ ਵਿਚ ਮਾਮੂਲੀ ਮੁਨਾਫੇ ਕਾਰਨ ਘੰਟਿਆਂ ਦੇ ਹਿਸਾਬ ਨਾਲ ਔਸਤਨ ਭੱਤਿਆਂ ਵਿਚ ਪੰਜ ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਕੈਨੇਡੀਅਨ ਅਰਥਚਾਰੇ ਨੂੰ 6400 ਨੌਕਰੀਆਂ ਦਾ ਨੁਕਸਾਨ ਹੋਇਆ। ਲਗਾਤਾਰ ਤੀਜੇ ਮਹੀਨੇ ਬੇਰੋਜ਼ਗਾਰੀ ਦਰ ਵਿਚ ਵਾਧਾ ਨੋਟ ਕੀਤਾ ਗਿਆ। ਵੱਧ ਰਹੀ ਕੰਮ ਦੀ ਮੰਗ ਕਾਰਨ ਰੋਜ਼ਗਾਰ ਸਿਰਜਣ ਵਿਚ ਦਿੱਕਤ ਪੇਸ਼ ਆਈ। ਅਰਥਸ਼ਾਸਤਰੀਆਂ ਵੱਲੋਂ 25,000 ਨੌਕਰੀਆਂ ਦਾ ਰਾਹ ਖੁੱਲ੍ਹਣ ਦੀ ਪੇਸ਼ੀਨਿਗੋਈ ਕੀਤੀ ਗਈ।
ਡੈਲੌਇਟ ਕੈਨੇਡਾ ਦੇ ਚੀਫ ਇਕਨੌਮਿਸਟ ਡਾਅਨ ਡੈਸਜਾਰਡਿਨਜ਼ ਨੇ ਆਖਿਆ ਕਿ ਨੌਕਰੀਆਂ ਸਬੰਧੀ ਰਿਪੋਰਟ ਦੇ ਉਮੀਦ ਨਾਲੋਂ ਕਮਜ਼ੋਰ ਹੋਣ ਕਾਰਨ ਅਸੀਂ ਲੇਬਰ ਮਾਰਕਿਟ ਦੀ ਮਾੜੀ ਸਥਿਤੀ ਦੀ ਗੱਲ ਨਹੀਂ ਕਰ ਰਹੇ। ਕੈਨੇਡਾ ਵਿਚ ਇਮੀਗ੍ਰੇਸ਼ਨ ਦੀ ਵੱਧ ਦਰ ਕਾਰਨ ਨੌਕਰੀ ਦੀ ਮੰਗ ਵੱਧ ਗਈ ਹੈ, ਜਦਕਿ ਓਨੀ ਮਾਤਰਾ ਵਿਚ ਰੋਜ਼ਗਾਰ ਦੇ ਮੌਕੇ ਪੈਦਾ ਨਹੀਂ ਕੀਤੇ ਜਾ ਰਹੇ। ਇਸ ਲਈ ਬੇਰੋਜ਼ਗਾਰੀ ਦਰ ਵਿਚ ਵਾਧਾ ਵੇਖਣ ਨੂੰ ਮਿਲ ਰਿਹਾ ਹੈ।
ਇੱਕ ਪਾਸੇ ਜਿੱਥੇ ਜੁਲਾਈ ਵਿਚ ਕੰਸਟ੍ਰਕਸ਼ਨ ਇੰਡਸਟਰੀ ਵਿਚ 45000 ਨੌਕਰੀਆਂ ਖੁੱਸੀਆਂ ਹਨ, ਜਦਕਿ ਇਸੇ ਦੌਰਾਨ ਹੈਲਥ ਕੇਅਰ ਤੇ ਸੋਸ਼ਲ ਅਸਿਸਟੈਂਸ ਸੈਕਟਰ ਵਿਚ 25,000 ਨੌਕਰੀਆਂ ਜੁੜੀਆਂ ਵੀ ਹਨ।

Leave a comment