-ਡਰਾਉਣ ਲਈ ਕਾਰੋਬਾਰੀਆਂ ‘ਤੇ ਗੋਲੀਬਾਰੀ ਵੀ ਕਰਦੇ ਸਨ ਮੁਲਜ਼ਮ
ਵੈਨਕੂਵਰ, 6 ਜੁਲਾਈ (ਪੰਜਾਬ ਮੇਲ)- ਪੀਲ ਪੁਲਿਸ ਨੇ ਪਿਛਲੇ ਮਹੀਨਿਆਂ ਵਿਚ ਪੰਜਾਬੀ ਵਪਾਰੀਆਂ ਕੋਲੋਂ ਫਿਰੌਤੀਆਂ ਵਜੋਂ ਵੱਡੀਆਂ ਰਕਮਾਂ ਮੰਗਣ ਅਤੇ ਗੋਲੀਬਾਰੀ ਕਰਨ ਦੇ ਦੋਸ਼ਾਂ ਹੇਠ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ‘ਚ ਤਿੰਨ ਪੰਜਾਬੀ ਵੀ ਸ਼ਾਮਲ ਹਨ।
ਇਸ ਬਾਰੇ ਪੀਲ ਪੁਲਿਸ ਦੇ ਉਪ ਮੁਖੀ ਮਾਰਕ ਐਂਡਰਿਊ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਕਈ ਵਪਾਰਕ ਅਦਾਰਿਆਂ ਦੇ ਮਾਲਕਾਂ ਨੂੰ ਅਣਪਛਾਤੇ ਨੰਬਰਾਂ ਤੋਂ ਫੋਨ ਕਰਕੇ ਵੱਡੀਆਂ ਰਕਮਾਂ ਦੀ ਮੰਗ ਕੀਤੀ ਜਾਂਦੀ ਸੀ ਅਤੇ ਕੁਝ ਕਾਰੋਬਾਰੀਆਂ ਨੂੰ ਡਰਾਉਣ ਲਈ ਉਨ੍ਹਾਂ ਦੇ ਸਟੋਰਾਂ ‘ਤੇ ਗੋਲੀਬਾਰੀ ਵੀ ਹੋਈ। ਪੁਲਿਸ ਉਦੋਂ ਤੋਂ ਕਥਿਤ ਦੋਸ਼ੀਆਂ ਦਾ ਪਤਾ ਲਗਾ ਰਹੀ ਸੀ। ਆਖ਼ਰਕਾਰ ਸਬੂਤ ਇਕੱਠੇ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਵਿਚ ਦੁਪਿੰਦਰਦੀਪ ਚੀਮਾ (36), ਬੇਅੰਤ ਢਿੱਲੋਂ (51) ਦੋਵੇਂ ਵਾਸੀਆਨ ਬਰੈਂਪਟਨ ਅਤੇ ਅਰੁਣਦੀਪ ਥਿੰਦ (39) ਬੇਘਰਾ ਸਮੇਤ ਦੋ ਹੋਰਾਂ ਨੂੰ 14 ਵੱਖ-ਵੱਖ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਹੋਰ ਪੁੱਛ-ਪੜਤਾਲ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਜਾਏਗਾ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਮੁਲਜ਼ਮ ਦੱਖਣ ਏਸ਼ਿਆਈ ਭਾਈਚਾਰੇ ਨਾਲ ਸਬੰਧਤ ਕਾਰੋਬਾਰੀਆਂ ਨੂੰ ਫੋਨ ਕਰਕੇ ਫਿਰੌਤੀ ਦੀ ਮੰਗ ਕਰਦੇ ਸਨ ਅਤੇ ਕਈਆਂ ਨੂੰ ਡਰਾਉਣ ਲਈ ਉਨ੍ਹਾਂ ਦੀਆਂ ਕਾਰੋਬਾਰੀ ਥਾਵਾਂ ‘ਤੇ ਗੋਲੀਬਾਰੀ ਵੀ ਕਰਦੇ ਸਨ, ਤਾਂ ਜੋ ਉਹ ਦਹਿਸ਼ਤ ਕਾਰਨ ਪੁਲਿਸ ਨੂੰ ਸੂਚਿਤ ਕਰਨ ਦੀ ਥਾਂ ਫਿਰੌਤੀ ਦੀ ਰਕਮ ਦੇਣਾ ਠੀਕ ਸਮਝਣ। ਪੁਲਿਸ ਅਫ਼ਸਰ ਨੇ ਹੋਰ ਪੀੜਤ ਕਾਰੋਬਾਰੀਆਂ ਨੂੰ ਵੀ ਸਾਹਮਣੇ ਆਉਣ ਦੀ ਅਪੀਲ ਕੀਤੀ ਹੈ, ਜੋ ਕਿ ਪਹਿਲਾਂ ਕਿਸੇ ਕਾਰਨ ਪੁਲਿਸ ਕੋਲ ਸ਼ਿਕਾਇਤ ਨਹੀਂ ਕਰ ਸਕੇ।