#CANADA

ਕੈਨੇਡਾ ‘ਚ ਪੰਜਾਬੀ ਪਰਿਵਾਰ ਦੇ ਦੇਸ਼ ਨਿਕਾਲੇ ਦੇ ਹੁਕਮਾਂ ‘ਤੇ ਰੋਕ

ਐਬਟਸਫੋਰਡ, 19 ਜੂਨ (ਪੰਜਾਬ ਮੇਲ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ 3 ਮੈਂਬਰੀ ਪੰਜਾਬੀ ਪਰਿਵਾਰ ਦਾ ਦੇਸ਼ ਨਿਕਾਲਾ ਰੋਕ ਦਿੱਤਾ ਗਿਆ ਹੈ। ਪਹਿਲਾਂ ਖ਼ਬਰਾਂ ਆਈਆਂ ਸਨ ਪੈਂਟਿਕਟਨ ਦੇ ਰਹਿਣ ਵਾਲੇ ਹਰਦੀਪ ਸਿੰਘ ਚਾਹਲ, ਉਨ੍ਹਾਂ ਦੀ ਗਰਭਵਤੀ ਪਤਨੀ ਕਮਲਦੀਪ ਕੌਰ ਅਤੇ ਉਨ੍ਹਾਂ ਦੀ 3 ਸਾਲਾ ਧੀ ਨੂੰ ਪਿਛਲੇ ਮਹੀਨੇ ਦੇਸ਼ ਨਿਕਾਲੇ ਦੇ ਹੁਕਮ ਦਿੱਤੇ ਗਏ ਸਨ। ਹਾਲਾਂਕਿ ਚਾਹਲ ਪਰਿਵਾਰ ਦੀ ਮਦਦ ਲਈ ਨਿੱਤਰੇ ਸੰਸਦ ਮੈਂਬਰ ਰਿਚਰਡ ਕੈਨਿੰਗਜ਼, ਗੁਰਦੁਆਰਾ ਸਾਹਿਬ ਪੈਂਟਿਕਟਨ ਦੇ ਪ੍ਰਬੰਧਕ ਸਾਹਿਬਾਨ ਅਤੇ ਭਾਈਚਾਰੇ ਵੱਲੋਂ ਕੀਤੀਆਂ ਕੋਸ਼ਿਸ਼ਾਂ ਕਾਰਨ ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ਨੇ ਚਾਹਲ ਪਰਿਵਾਰ ਨੂੰ ਕੈਨੇਡਾ ਤੋਂ ਭਾਰਤ ਡਿਪੋਰਟ ਕਰਨ ਦਾ ਫ਼ੈਸਲਾ ਬਦਲ ਕੇ ਉਨ੍ਹਾਂ ਨੂੰ ਫਿਲਹਾਲ ਕੈਨੇਡਾ ਰਹਿਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਤੋਂ ਇਲਾਵਾ ਹਰਦੀਪ ਸਿੰਘ ਅਤੇ ਕਮਲਦੀਪ ਕੌਰ ਨੂੰ ਦੁਬਾਰਾ ਵਰਕ ਵੀਜ਼ੇ ਵਾਸਤੇ ਅਪਲਾਈ ਕਰਨ ਲਈ ਕਿਹਾ ਗਿਆ ਹੈ।
ਦੱਸ ਦੇਈਏ ਕਿ ਜੋੜੇ ਨੂੰ ਕੈਨੇਡੀਅਨ ਸਰਕਾਰ ਵੱਲੋਂ 10 ਸਾਲ ਦਾ ਵਿਜ਼ਟਰ ਵੀਜ਼ਾ ਅਤੇ ਬਾਅਦ ਵਿਚ ਵਰਕ ਵੀਜ਼ਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਸ਼ਰਨਾਰਥੀ ਦਾ ਦਰਜਾ ਹਾਸਲ ਕਰਨ ਲਈ ਅਰਜ਼ੀ ਦਿੱਤੀ ਸੀ। ਹਾਲਾਂਕਿ, ਉਸ ਦਾਅਵੇ ਅਤੇ ਉਸ ਦੇ ਬਾਅਦ ਦੀਆਂ 2 ਅਪੀਲਾਂ ਨੂੰ 2021 ਅਤੇ 2022 ਵਿਚ ਰੱਦ ਕਰ ਦਿੱਤਾ ਗਿਆ ਸੀ, ਕਿਉਂਕਿ ਉਹ ਆਪਣੇ ਦਾਅਵੇ ਨੂੰ ਸਾਬਤ ਕਰਨ ਲਈ ਸਹੀ ਦਸਤਾਵੇਜ਼ ਪ੍ਰਦਾਨ ਕਰਨ ਵਿਚ ਅਸਮਰੱਥ ਸਨ, ਜਿਸ ਕਾਰਨ ਉਨ੍ਹਾਂ ਨੂੰ ਦੇਸ਼ ਨਿਕਾਲੇ ਦਾ ਹੁਕਮ ਦਿੱਤਾ ਗਿਆ ਸੀ। ਇਹ ਮਾਮਲਾ ਸਾਹਮਣੇ ਆਉਣ ਮਗਰੋਂ ਭਾਈਚਾਰਾ ਪਰਿਵਾਰ ਦੇ ਸਮਰਥਨ ਵਿਚ ਸਾਹਮਣੇ ਆਇਆ ਅਤੇ ਓਕਾਨਾਗਨ ਦੇ ਐੱਮ.ਪੀ. ਰਿਚਰਡ ਕੈਨਿੰਗਜ਼ ਦੇ ਦਫ਼ਤਰ ਨੂੰ ਉਨ੍ਹਾਂ ਵੱਲੋਂ ਸਮਰਥਨ ਲਈ 100 ਤੋਂ ਵੱਧ ਈਮੇਲਾਂ ਭੇਜੀਆਂ ਗਈਆਂ ਸਨ। ਇਸ ਤੋਂ ਬਾਅਦ ਦੱਖਣੀ ਓਕਾਨਾਗਨ-ਵੈਸਟ ਕੂਟੇਨੇ ਦੇ ਐੱਮ.ਪੀ. ਕੈਨਿੰਗਜ਼ ਨੇ ਇਸ ਪਰਿਵਾਰ ਦੇ ਦੇਸ਼ ਨਿਕਾਲੇ ਦੇ ਆਦੇਸ਼ ‘ਤੇ ਰੋਕ ਲਗਾਉਣ ਅਤੇ ਇਨ੍ਹਾਂ ਨੂੰ ਸਥਾਈ ਨਿਵਾਸ ਦਾ ਦਰਜਾ ਦਿਵਾਉਣ ਲਈ ਬਹੁਤ ਸਖ਼ਤ ਮਿਹਨਤ ਕੀਤੀ।

Leave a comment