ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ

433
Share

ਐਬਟਸਫੋਰਡ, 5 ਫਰਵਰੀ (ਪੰਜਾਬ ਮੇਲ)-  ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਲੈਂਗਲੀ ਵਿਖੇ ਅਣਪਛਾਤੇ ਵਿਅਕਤੀਆਂ ਨੇ 22 ਸਾਲਾ ਪੰਜਾਬੀ ਨੌਜਵਾਨ ਅਰਸ਼ਦੀਪ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ | ਜਾਂਚ ਏਜੰਸੀ ਇੰਟਾਗਰੇਟਿਡ ਹੋਮੋਸਾਈਡ ਇਨਵੈਸਟੀਗੇਸ਼ਨ ਟੀਮ ਦੇ ਬੁਲਾਰੇ ਸਾਰਜੈਂਟ ਫਰੈਂਕ ਜੈਂਗ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਲੈਂਗਲੀ ਦੀ 207 ਸਟਰੀਟ ‘ਤੇ 52ਏ ਐਵੇਨਿਊ ਨੇੜੇ ਇਕ ਵਹੀਕਲ ‘ਤੇ ਗੋਲੀਆਂ ਚੱਲਣ ਦੀ ਵਾਰਦਾਤ ਵਾਪਰੀ ਹੈ ਤੇ ਪੁਲਿਸ ਜਦੋਂ ਉੱਥੇ ਪਹੁੰਚੀ ਤਾਂ ਉਕਤ ਵਹੀਕਲ ਅੰਦਰ ਅਰਸ਼ਦੀਪ ਸਿੰਘ ਦੀ ਗੋਲੀਆਂ ਵਿੰਨ੍ਹੀ ਲਾਸ਼ ਪਈ ਸੀ | ਉਨ੍ਹਾਂ ਦੱਸਿਆ ਕਿ ਇਹ ਮਿੱਥ ਕੇ ਕੀਤਾ ਗਿਆ ਕਤਲ ਹੈ ਤੇ ਲੋਅਰਮੇਨਲੈਂਡ ਵਿਚ ਚੱਲ ਰਹੀ ਗੈਂਗਵਾਰ ਦੀ ਆਪਸੀ ਖਹਿਬਾਜ਼ੀ ਦਾ ਸਿੱਟਾ ਹੈ | ਪਤਾ ਲੱਗਾ ਹੈ ਕਿ ਅਰਸ਼ਦੀਪ ਸਿੰਘ ਬਰੈਂਪਟਨ ਤੋਂ ਸਰੀ ਆਇਆ ਸੀ ਤੇ ਇਕ ਕਿਚਨ ਕੈਬਨਿਟ ਕੰਪਨੀ ਨਾਲ ਕੰਮ ਕਰਦਾ ਸੀ | ਵਰਨਣਯੋਗ ਹੈ ਕਿ ਵੈਨਕੂਵਰ ਇਲਾਕੇ ਵਿਚ ਬੀਤੇ ਇਕ ਮਹੀਨੇ ਵਿਚ 4 ਪੰਜਾਬੀ ਨੌਜਵਾਨ ਗੈਂਗ ਹਿੰਸਾ ਦੀ ਭੇਟ ਚੜ੍ਹ ਕੇ ਮੌਤ ਦੇ ਮੂੰਹ ਜਾ ਪਏ |


Share