#CANADA

ਕੈਨੇਡਾ ‘ਚ ਪੰਜਾਬੀ ਟਰੱਕ ਡਰਾਈਵਰਾਂ ਲਈ 1 ਜੁਲਾਈ ਤੋਂ ਲਾਗੂ ਹੋਣਗੇ ਸਖ਼ਤ ਨਿਯਮ

ਓਨਟਾਰੀਓ, 29 ਜੂਨ (ਪੰਜਾਬ ਮੇਲ)- ਕੈਨੇਡਾ ਵਿਚ ਟਰੱਕਿੰਗ ਦੇ ਕਿੱਤੇ ਨਾਲ ਜੁੜੇ ਪੰਜਾਬੀ ਨੌਜਵਾਨਾਂ ਅਤੇ ਵਿਦੇਸ਼ੀ ਤਜ਼ਰਬਾ ਰੱਖਣ ਵਾਲੇ ਡਰਾਈਵਰਾਂ ਲਈ ਅਹਿਮ ਖ਼ਬਰ ਹੈ। ਓਨਟਾਰੀਓ ਸਰਕਾਰ ਵੱਲੋਂ 1 ਜੁਲਾਈ ਤੋਂ ਟਰੱਕ ਲਾਇਸੈਂਸ ਦੇ ਨਿਯਮਾਂ ਵਿਚ ਵੱਡੀ ਤਬਦੀਲੀ ਕੀਤੀ ਜਾ ਰਹੀ ਹੈ। ਨਵੇਂ ਨਿਯਮਾਂ ਤਹਿਤ ਹੁਣ ਕਲਾਸ ‘ਏ’ ਟਰੱਕ ਲਾਇਸੈਂਸ ਦਾ ਰੋਡ ਟੈਸਟ ਦੇਣ ਲਈ ਡਰਾਈਵਰ ਕੋਲ ਘੱਟੋ-ਘੱਟ 6 ਮਹੀਨੇ ਪੁਰਾਣਾ ਓਨਟਾਰੀਓ ਕਲਾਸ ‘ਜੀ’ ਲਾਇਸੈਂਸ ਹੋਣਾ ਲਾਜ਼ਮੀ ਕਰ ਦਿੱਤਾ ਗਿਆ ਹੈ।
ਟਰਾਂਸਪੋਰਟ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਸੜਕਾਂ ‘ਤੇ ਸਿਰਫ਼ ਯੋਗ ਅਤੇ ਤਜ਼ਰਬੇਕਾਰ ਡਰਾਈਵਰ ਹੀ ਹੋਣੇ ਚਾਹੀਦੇ ਹਨ। ਹੁਣ ਕਲਾਸ ਏ ਲਾਇਸੈਂਸ ਲਈ ਜੀ-1, ਜੀ-2, ਐੱਮ, ਐੱਮ-1 ਅਤੇ ਐੱਮ-2 ਵਰਗੇ ਲਾਇਸੈਂਸ ਪ੍ਰਵਾਨ ਨਹੀਂ ਕੀਤੇ ਜਾਣਗੇ। ਇਸ ਤੋਂ ਇਲਾਵਾ ਕੈਨੇਡਾ ਦੇ ਦੂਜੇ ਸੂਬਿਆਂ ਤੋਂ ਆਉਣ ਵਾਲੇ ਡਰਾਈਵਰਾਂ ਕੋਲ ਲਾਇਸੈਂਸ ਅਪਲਾਈ ਕਰਨ ਲਈ ਘੱਟੋ-ਘੱਟ 24 ਮਹੀਨਿਆਂ ਦਾ ਬਰਾਬਰ ਯੋਗਤਾ ਵਾਲਾ ਤਜ਼ਰਬਾ ਹੋਣਾ ਜ਼ਰੂਰੀ ਹੈ। ਨਵੇਂ ਨਿਯਮਾਂ ਅਨੁਸਾਰ ਜਿਨ੍ਹਾਂ ਮੁਲਕਾਂ ਨਾਲ ਕੈਨੇਡਾ ਦਾ ਲਾਇਸੈਂਸ ਐਕਸਚੇਂਜ ਐਗਰੀਮੈਂਟ ਨਹੀਂ ਹੈ, ਉੱਥੋਂ ਦੇ ਡਰਾਈਵਰਾਂ ਲਈ ਮੁਸ਼ਕਲਾਂ ਵਧ ਸਕਦੀਆਂ ਹਨ। ਅਜਿਹੇ ਡਰਾਈਵਰਾਂ ਦਾ ਵੱਧ ਤੋਂ ਵੱਧ 12 ਮਹੀਨਿਆਂ ਦਾ ਵਿਦੇਸ਼ੀ ਤਜ਼ਰਬਾ ਹੀ ਮੰਨਿਆ ਜਾਵੇਗਾ।
ਉਨ੍ਹਾਂ ਨੂੰ ਪਹਿਲਾਂ ਜੀ-2 ਅਤੇ ਜੀ ਰੋਡ ਟੈਸਟ ਪਾਸ ਕਰਨੇ ਪੈਣਗੇ ਅਤੇ ਜੀ-2 ਟੈਸਟ ਤੋਂ ਬਾਅਦ ਕਲਾਸ ਜੀ ਰੋਡ ਟੈਸਟ ਲਈ 12 ਮਹੀਨਿਆਂ ਦਾ ਲਾਜ਼ਮੀ ਉਡੀਕ ਸਮਾਂ ਕੱਟਣਾ ਪਵੇਗਾ। ਦੂਜੇ ਪਾਸੇ ਟਰਾਂਸਪੋਰਟ ਇੰਡਸਟਰੀ ਦੇ ਮਾਹਿਰਾਂ ਨੇ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ‘ਪ੍ਰਾਈਵੇਟ ਮੋਟਰ ਟਰੱਕ ਕੌਂਸਲ ਆਫ ਕੈਨੇਡਾ’ ਦੇ ਪ੍ਰਧਾਨ ਅਨੁਸਾਰ ਵਧੇਰੇ ਤਜ਼ਰਬੇ ਨਾਲ ਡਰਾਈਵਰਾਂ ਵਿਚ ਸਵੈ-ਵਿਸ਼ਵਾਸ ਵਧੇਗਾ। ਉੱਥੇ ਹੀ ‘ਓਨਟਾਰੀਓ ਕਮਰਸ਼ੀਅਲ ਟਰੱਕ ਟ੍ਰੇਨਿੰਗ ਐਸੋਸੀਏਸ਼ਨ’ ਦੇ ਮੈਂਬਰ ਨੇ ਮੰਗ ਕੀਤੀ ਹੈ ਕਿ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਸਿਰਫ਼ ਪਰਮਾਨੈਂਟ ਰੈਜ਼ੀਡੈਂਟ (ਪੀ.ਆਰ.) ਜਾਂ ਨਾਗਰਿਕਾਂ ਨੂੰ ਹੀ ਦਿੱਤੇ ਜਾਣੇ ਚਾਹੀਦੇ ਹਨ।
ਜ਼ਿਕਰਯੋਗ ਹੈ ਕਿ ਸਰਕਾਰ ਇਨ੍ਹਾਂ ਨਿਯਮਾਂ ਨੂੰ ਆਉਣ ਵਾਲੇ ਸਮੇਂ ਵਿਚ ਹੋਰ ਵੀ ਸਖ਼ਤ ਕਰਨ ਜਾ ਰਹੀ ਹੈ। ਰਿਪੋਰਟਾਂ ਅਨੁਸਾਰ 1 ਜਨਵਰੀ, 2027 ਤੋਂ ਲਾਇਸੈਂਸ ਸ਼ਰਤਾਂ ਵਿਚ ਹੋਰ ਵਾਧਾ ਕੀਤਾ ਜਾਵੇਗਾ, ਜਿਸ ਦੇ ਤਹਿਤ ਸੜਕ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਦਾ ਟੀਚਾ ਰੱਖਿਆ ਗਿਆ ਹੈ। ਫ਼ੌਜ ਦੇ ਡਰਾਈਵਰ ਜਿਨ੍ਹਾਂ ਕੋਲ ਡੀ.ਐੱਨ.ਡੀ. 404 ਪਰਮਿਟ ਹੈ, ਉਹ ਵੀ ਕਲਾਸ ‘ਏ’ ਲਾਇਸੈਂਸ ਲਈ ਯੋਗ ਮੰਨੇ ਜਾਣਗੇ।
ਐਸੋਸੀਏਸ਼ਨ ਦੇ ਚੇਅਰਮੈਨ ਨੇ ਕਿਹਾ ਕਿ ਓਨਟਾਰੀਓ ਦੇ ਲਾਇਸੈਂਸਿੰਗ ਸਿਸਟਮ ਵਿਚੋਂ ਲੰਘਣ ਵਾਲੇ ਡਰਾਈਵਰ 18 ਮਹੀਨੇ ਦੇ ਅੰਦਰ ਜੀ ਲਾਇਸੈਂਸ ਹਾਸਲ ਕਰ ਸਕਦਾ ਹੈ। ਇਸ ਤੋਂ ਛੇ ਮਹੀਨੇ ਬਾਅਦ ਉਹ ਕਲਾਸ ‘ਏ’ ਲਾਇਸੈਂਸ ਦੇ ਰੋਡ ਟੈਸਟ ਲਈ ਯੋਗ ਮੰਨਿਆ ਜਾਵੇਗਾ ਪਰ ਕੋਈ ਵੀ ਜੀ 2 ਡਰਾਈਵਰ, ਜੀ ਲਾਇਸੈਂਸ ਤੱਕ ਪੁੱਜਣ ਤੋਂ ਪਹਿਲਾਂ ਖੁਦਮੁਖਤਿਆਰ ਤਰੀਕੇ ਨਾਲ ਪੰਜ ਸਾਲ ਅਪਗ੍ਰੇਡ ਕਰ ਸਕਦਾ ਹੈ। ਅਜਿਹੇ ਵਿਚ ਉਸ ਨੂੰ ਕਲਾਸ ਏ ਲਾਇਸੈਂਸ ਦੇ ਯੋਗ ਬਣਨ ਲਈ ਲੰਮੀ ਉਡੀਕ ਕਰਨੀ ਪਵੇਗੀ। ਚੇਅਰਮੈਨ ਨੇ ਸੁਝਾਅ ਦਿੱਤਾ ਕਿ ਜੀ 2 ਲਾਇਸੈਂਸ ‘ਤੇ ਘੱਟੋ-ਘੱਟ 18 ਮਹੀਨੇ ਕੰਮ ਕਰਨ ਵਾਲਿਆਂ ਨੂੰ ‘ਜੀ’ ਲਾਇਸੈਂਸ ਲਈ 6 ਮਹੀਨੇ ਦੇ ਉਡੀਕ ਸਮੇਂ ਤੋਂ ਛੋਟ ਦਿੱਤੀ ਜਾਵੇ।