#CANADA

ਕੈਨੇਡਾ ‘ਚ ਟਰਾਲੇ ਨਾਲ ਹਾਦਸੇ ਮਗਰੋਂ ਕਾਰ ਨੂੰ ਅੱਗ ਲੱਗਣ ਕਾਰਨ ਪੰਜਾਬੀ ਨੌਜਵਾਨ ਜਿਊਂਦਾ ਸੜਿਆ

ਟੋਰਾਂਟੋ/ਬੇਗੋਵਾਲ, 28 ਅਗਸਤ (ਪੰਜਾਬ ਮੇਲ)- ਕੈਨੇਡਾ ‘ਚ ਇਕ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਕਾਰ, ਜਿਸ ਨੂੰ ਕਿ ਪੰਜਾਬੀ ਨੌਜਵਾਨ ਚਲਾ ਰਿਹਾ ਸੀ, ਦੀ ਟਰਾਲੇ ਨਾਲ ਟੱਕਰ ਹੋਣ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ ਅਤੇ ਪੰਜਾਬੀ ਨੌਜਵਾਨ ਕਾਰ ‘ਚ ਬੁਰੀ ਤਰ੍ਹਾਂ ਸੜ ਗਿਆ। ਇਸ ਹਾਦਸੇ ਵਿਚ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਪੰਜਾਬੀ ਨੌਜਵਾਨ ਦੀ ਪਛਾੜ ਗੁਰਸ਼ਿੰਦਰ ਸਿੰਘ ਘੋਤੜਾ ਵਜੋਂ ਹੋਈ ਹੈ।
ਗੁਰਸ਼ਿੰਦਰ ਸਿੰਘ ਦਾ ਜੱਦੀ ਘਰ ਹਲਕਾ ਭੁਲੱਥ ਦੇ ਕਸਬਾ ਬੇਗੋਵਾਲ ਨੇੜਲੇ ਭਦਾਸ ਪਿੰਡ ਵਿਚ ਹੈ। ਮ੍ਰਿਤਕ ਨੌਜਵਾਨ ਗੁਰਸ਼ਿੰਦਰ ਸਿੰਘ ਘੋਤੜਾ (ਗੁਰੀ) ਦੇ ਰਿਸ਼ਤੇਦਾਰ ਸ਼ਮਸ਼ੇਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਕਾਰ ‘ਚ ਸੜਿਆ ਨੌਜਵਾਨ ਗੁਰਸ਼ਿੰਦਰ ਸਿੰਘ ਘੋਤੜਾ ਉਸ ਦੇ ਤਾਏ ਦਾ ਪੋਤਰਾ ਸੀ। ਉਨ੍ਹਾਂ ਦੱਸਿਆ ਕਿ ਮੇਰਾ ਤਾਇਆ ਦਰਸ਼ਨ ਸਿੰਘ ਹਰਿਆਣਾ ਪੁਲਿਸ ਵਿਚੋਂ ਐੱਸ.ਪੀ. ਰਿਟਾਇਰ ਹੋਇਆ ਸੀ ਅਤੇ ਤਾਏ ਦਾ ਮੁੰਡਾ ਸੁਰਿੰਦਰ ਸਿੰਘ ਚੰਡੀਗੜ੍ਹ ਪੁਲਿਸ ਵਿਚ ਨੌਕਰੀ ਕਰਦਾ ਸੀ, ਜੋ ਹੁਣ ਕੈਨੇਡਾ ਵਿਚ ਆਪਣੇ ਪਰਿਵਾਰ ਨਾਲ ਰਹਿ ਰਿਹਾ ਹੈ।
ਗੁਰਸ਼ਿੰਦਰ ਸਿੰਘ ਘੋਤੜਾ ਪੁੱਤਰ ਸੁਰਿੰਦਰ ਸਿੰਘ ਕੈਨੇਡਾ ਪੁਲਿਸ ‘ਚ ਭਰਤੀ ਹੋਣ ਸਬੰਧੀ ਅਕੈਡਮੀ ਤੋਂ ਟ੍ਰੇਨਿੰਗ ਖ਼ਤਮ ਹੋਣ ਉਪਰੰਤ 23 ਅਗਸਤ ਨੂੰ ਘਰ ਆ ਰਿਹਾ ਸੀ, ਜਿਸ ਦੀ ਕਾਰ ਨੂੰ ਰਸਤੇ ‘ਚ ਟਰਾਲੇ ਨਾਲ ਹਾਦਸੇ ਤੋਂ ਬਾਅਦ ਅੱਗ ਲੱਗ ਗਈ। ਇਸ ਦੌਰਾਨ ਗੁਰਸ਼ਿੰਦਰ ਸਿੰਘ ਘੋਤੜਾ ਦੀ ਮੌਤ ਹੋ ਗਈ, ਜਿਸ ਦਾ ਅੰਤਿਮ ਸੰਸਕਾਰ 25 ਅਗਸਤ ਨੂੰ ਕੈਨੇਡਾ ਵਿਖੇ ਕਰ ਦਿੱਤਾ ਗਿਆ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਗੁਰਸ਼ਿੰਦਰ ਸਿੰਘ ਨੇ ਸੋਮਵਾਰ ਨੂੰ ਪਾਸਿੰਗ ਆਊਟ ਤੋਂ ਬਾਅਦ ਨੌਕਰੀ ਜੁਆਇੰਨ ਕਰਨੀ ਸੀ ਪਰ ਇਸ ਦਰਦਨਾਕ ਹਾਦਸੇ ਕਾਰਨ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਦੂਜੇ ਪਾਸੇ ਇਸ ਹਾਦਸੇ ਨੂੰ ਲੈ ਕੇ ਪਿੰਡ ਭਦਾਸ ‘ਚ ਸੋਗ ਦੀ ਲਹਿਰ ਹੈ।

Leave a comment