#INDIA

ਕੇਰਲ ‘ਚ ਅੰਗਰੇਜ਼ਾਂ ਵਲੋਂ ਲਗਾਇਆ ਦਰੱਖਤ ਰਿਕਾਰਡ ਮੁੱਲ ‘ਚ ਹੋਇਆ ਨੀਲਾਮ

ਮਲਾਪੁਰਮ, 22 ਫਰਵਰੀ (ਪੰਜਾਬ ਮੇਲ)- ਕੇਰਲ ਦੇ ਮਲਾਪੁਰਮ ਸਥਿਤ ਨੀਲਾਂਬੁਰ ਸਾਗੌਨ ਬਾਗਾਨ ‘ਚ ਅੰਗਰੇਜ਼ਾਂ ਵੱਲੋਂ ਲਗਾਇਆ ਗਿਆ ਸਾਗੌਨ ਦਾ ਦਰੱਖਤ ਹਾਲ ਹੀ ‘ਚ ਰਿਕਾਰਡ ਮੁੱਲ (40 ਲੱਖ ਰੁਪਏ) ‘ਚ ਨੀਲਾਮ ਹੋਇਆ। ਇਹ ਜਾਣਕਾਰੀ ਜੰਗਲਾਤ ਵਿਭਾਗ ਨੇ ਦਿੱਤੀ। ਸਾਲ 1909 ‘ਚ ਲਗਾਇਆ ਗਿਆ ਦਰੱਖਤ ਸੁਰੱਖਿਅਤ ਪਲਾਟ ‘ਚ ਸੁੱਕਣ ਤੋਂ ਬਾਅਦ ਖੁਦ ਹੀ ਡਿੱਗ ਗਿਆ, ਜਿਸ ਤੋਂ ਬਾਅਦ ਵਿਭਾਗ ਨੇ ਉਸ ਨੂੰ ਉਥੋਂ ਕੱਢਿਆ। ਇਕ ਜੰਗਲਾਤ ਅਧਿਕਾਰੀ ਨੇ ਕਿਹਾ ਕਿ ਸੁਰੱਖਿਅਤ ਪਲਾਟਾਂ ‘ਚ ਸਾਗੌਨ ਦੇ ਦਰੱਖਤਾਂ ਨੂੰ ਆਪਣੇ-ਆਪ ਡਿੱਗਣ ਤੋਂ ਬਾਅਦ ਇਕੱਠਾ ਕੀਤਾ ਜਾਂਦਾ ਹੈ।
ਇਸ ਤੋਂ ਬਾਅਦ ਇਸ ਨੂੰ ਨੇਦੁਮਕਾਇਮ ਜੰਗਲਾਤ ਡਿਪੋ ‘ਚ ਨੀਲਾਮੀ ਲਈ ਰੱਖਿਆ ਗਿਆ ਅਤੇ 10 ਫਰਵਰੀ ਨੂੰ ਵਰਿੰਦਾਵਨ ਟਿੰਬਰਜ਼ ਦੇ ਮਾਲਕ ਅਜੀਸ਼ ਕੁਮਾਰ ਨੇ 39.25 ਲੱਖ ਰੁਪਏ ਦੀ ਬੋਲੀ ਲਗਾ ਕੇ ਉਸ ਨੂੰ ਹਾਸਲ ਕੀਤਾ। 8 ਘਣ ਮੀਟਰ ਮੋਟੀ ਲੱਕੜੀ ਨੂੰ ਤਿੰਨ ਟੁਕੜਿਆਂ ‘ਚ ਨੀਲਾਮ ਕੀਤਾ ਗਿਆ। ਤਿੰਨ ਮੀਟਰ ਤੋਂ ਜ਼ਿਆਦਾ ਲੰਬਾ ਟੁਕੜਾ 23 ਲੱਖ ਰੁਪਏ ‘ਚ ਵਿਕਿਆ ਅਤੇ ਉਸੇ ਦਰੱਖਤ ਦੇ ਬਾਕੀ 2 ਟੁਕੜੇ 11 ਲੱਖ ਰੁਪਏ ਅਤੇ 5.25 ਲੱਖ ਰੁਪਏ ‘ਚ ਵਿਕੇ। ਨੇਦੁਮਕਾਇਮ ਦੇ ਡਿਪੋ ਅਧਿਕਾਰੀ ਸ਼ੇਰਿਫ ਪੀ ਨੇ ਦਰੱਖਤ ਦੀ ਰਿਕਾਰਡ ਕੀਮਤ ‘ਤੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਵਿਭਾਗ ਨੂੰ ਕੀਮਤ ਜ਼ਿਆਦਾ ਹੋਣ ਦੀ ਉਮੀਦ ਸੀ ਪਰ ਇਸ ਹੱਦ ਤੱਕ ਨਹੀਂ।

Leave a comment