#PUNJAB

ਕੇਜਰੀਵਾਲ ਤੇ ਭਗਵੰਤ ਮਾਨ ਦੀ ਮੂੰਹ ਬੋਲੀ ਭੈਣ ਸਿੱਪੀ ਸ਼ਰਮਾਂ 646 ਬੇਰੁਜ਼ਗਾਰ ਪੀਟੀਆਈ ਦੇ ਰੁਜ਼ਗਾਰ ਲਈ ਸੰਗਰੂਰ ‘ਚ ਪਾਣੀ ਦੀ ਟੈਂਕੀ ‘ਤੇ ਚੜ੍ਹੀ 

ਸੰਗਰੂਰ, 10 ਜੁਲਾਈ (ਦਲਜੀਤ ਕੌਰ/ਪੰਜਾਬ ਮੇਲ)- ਆਪਣੇ ਹੱਕੀ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਪਿਛਲੇ ਬਾਰਾਂ ਸਾਲਾਂ ਤੋਂ ਸਰਕਾਰਾਂ ਖਿਲਾਫ਼ ਸੰਘਰਸ਼ ਕਰਦੇ ਆ ਰਹੇ ਬੇਰੁਜ਼ਗਾਰ 646 ਪੀਟੀਆਈ ਅਧਿਆਪਕ ਜੱਥੇਬੰਦੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ‘ਚ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਪ੍ਰਦਰਸ਼ਨ ਕੀਤਾ ਗਿਆ। ਅੱਜ ਸੰਗਰੂਰ ਵਿਖੇ ਬੇਰੁਜ਼ਗਾਰ ਪੀਟੀਆਈ 646 ਅਧਿਆਪਕ ਯੂਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਇਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮੂੰਹ ਬੋਲੀ ਭੈਣ ਸਿੱਪੀ ਸ਼ਰਮਾ ਅਤੇ ਗੁਰਸੇਵਕ ਸਿੰਘ ਬਠਿੰਡਾ ਨੇ ਆਪਣੀ ਨੌਕਰੀ ਦੀ ਮੰਗ ਨੂੰ ਲੈ ਕੇ ਸੰਗਰੂਰ ਵਿੱਚ ਸਥਾਨਕ ਬੱਸ ਅੱਡੇ ਤੇ ਵਿਜੀਲੈਂਸ ਦਫ਼ਤਰ ਨੇੜੇ ਪਾਣੀ ਦੀ ਟੈਂਕੀ ਉੱਤੇ ਚੜ੍ਹ ਕੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਜ਼ਿਲ੍ਹਾ ਸੰਗਰੂਰ ਪ੍ਰਸ਼ਾਸਨ ਵੱਲੋਂ ਬੇਰੁਜ਼ਗਾਰ ਆਗੂਆਂ ਦੀ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ 17 ਜੁਲਾਈ ਨੂੰ ਮੀਟਿੰਗ ਤੈਅ ਕਰਵਾਉਣ ਤੋਂ ਬਾਅਦ ਬੇਰੁਜ਼ਗਾਰ ਸ਼ਾਂਤ ਹੋਏ ਅਤੇ ਉਨ੍ਹਾਂ ਆਪਣਾ ਐਕਸ਼ਨ ਮੁਲਤਵੀ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਮੋਹਾਲੀ ਵਿੱਚ ਜਦੋਂ ਸ਼ਿੱਪੀ ਸ਼ਰਮਾ ਪਾਣੀ ਵਾਲੀ ਟੈਂਕੀ ਉਤੇ 90 ਦਿਨ ਚੜ੍ਹੀ ਰਹੀ ਤਾਂ ਆਪ ਦੇ ਸੁਪਰੀਮੋ ਮੁੱਖ ਮੰਤਰੀ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਸਨੂੰ ਆਪਣੀ ਭੈਣ ਬਣਾਉਂਦੇ ਹੋਏ ਕਿਹਾ ਸੀ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ਉੱਤੇ ਉਨ੍ਹਾਂ ਦੀ ਮੰਗ ਪਹਿਲਾਂ ਦੇ ਅਧਾਰ ਉਤੇ ਹੱਲ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ।
ਇਸ ਮੌਕੇ ਬੇਰੁਜ਼ਗਾਰ 646 ਪੀਟੀਆਈ ਅਧਿਆਪਕ ਯੂਨੀਅਨ ਦੇ ਸੂਬਾਈ ਆਗੂ ਰਾਜਪਾਲ ਸਿੰਘ ਜਲਾਲਾਬਾਦ ਨੇ ਦੱਸਿਆ ਕਿ 646 ਪੀਟੀਆਈ ਅਧਿਆਪਕਾਂ ਦੀ ਭਰਤੀ 2011 ਤੋਂ ਲਟਕਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਦਸ ਸਾਲਾਂ ਤੋਂ ਬਾਅਦ 23 ਦਸੰਬਰ 2021 ਨੂੰ ਮਾਣਯੋਗ ਹਾਈਕੋਰਟ ਨੇ ਪੀਟੀਆਈ ਅਧਿਆਪਕਾਂ ਦੇ ਪੱਖ ਵਿੱਚ ਫੈਸਲਾ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਉਹ ਪਿਛਲੀਆਂ ਸਰਕਾਰਾਂ ਸਮੇਂ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਆਏ ਹਨ ਅਤੇ ਪਿਛਲੀ ਕਾਂਗਰਸ ਸਰਕਾਰ ਨੇ ਵੀ ਉਨ੍ਹਾਂ ਦਾ ਕੋਈ ਹੱਲ ਨਹੀਂ ਕੀਤਾ। ਆਗੂਆਂ ਨੇ ਕਿਹਾ ਕਿ ਪਿਛਲੇ ਸਰਕਾਰ ਸਮੇਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਮੀਤ ਹੇਅਰ ਨੇ ਸਾਡੇ ਸੰਘਰਸ਼ ਵਾਲੇ ਥਾਂ ਉਤੇ ਜਾ ਕੇ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚ ‘ਆਪ’ ਸਰਕਾਰ ਆਉਣ ਉੱਤੇ ਪਹਿਲਾਂ ਉਨ੍ਹਾਂ ਦਾ ਮਸਲਾ ਹੱਲ ਕੀਤਾ ਜਾਵੇਗਾ, ਪ੍ਰੰਤੂ ਅੱਜ ਸਾਲ ਬੀਤ ਜਾਣ ਦੇ ਬਾਵਜੂਦ ਪੰਜਾਬ ਸਰਕਾਰ ਨੇ ਗੱਲ ਨਹੀਂ ਸੁਣੀ, ਸਿਰਫ਼ ਮੀਟਿੰਗ ਦੇ ਝੂਠੇ ਲਾਰਿਆ ਦੀਆਂ ਤਾਰੀਖਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਪੰਜਾਬ ਸਰਕਾਰ ਦੇ ਲਾਰਿਆਂ ਅਤੇ ਰੁਜ਼ਗਾਰ ਨਾ ਦੇਣ ਦੀਆਂ ਨੀਤੀਆਂ ਤੋਂ ਤੰਗ ਆ ਕੇ ਅੱਜ ਸਾਨੂੰ ਇਸ ਅਤਿ ਦੀ ਗਰਮੀ ਵਿੱਚ ਦੁਬਾਰਾ ਫੇਰ ਤੋਂ ਪਾਣੀ ਵਾਲੀ ਟੈਂਕੀ ਉੱਪਰ ਚੜਣ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ ਜੱਥੇਬੰਦੀ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਭਰਤੀ ਨੂੰ ਪੂਰਾ ਕਰਨ ਲਈ ਇੱਕ ਸਾਲ ਦਾ ਸਮਾਂ ਦਿੱਤਾ ਗਿਆ ਪ੍ਰੰਤੂ ਪੰਜਾਬ ਸਰਕਾਰ ਨੇ ਇਸ ਭਰਤੀ ਨੂੰ ਪੂਰਾ ਕਰਨ ਲਈ ਕੋਈ ਪਹਿਲ ਨਹੀਂ ਕੀਤੀ। ਬੇਰੁਜ਼ਗਾਰ ਅਧਿਆਪਕਾਂ ਨੇ ਮੰਗ ਕੀਤੀ ਕਿ ਸਰਕਾਰ ਛੇਤੀ ਤੋਂ ਛੇਤੀ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰੇ ਨਹੀਂ ਤਾਂ ਹੁਣ ਉਨ੍ਹਾਂ ‘ਕਰੋ ਜਾਂ ਮਰੋ’ ਦੀ ਨੀਤੀ ਅਪਣਾਈ ਹੈ ਅਤੇ ਇਸ ਦੌਰਾਨ ਜੇਕਰ ਕੋਈ ਵੀ ਨੁਕਸਾਨ ਹੋਇਆ ਤਾਂ ਉਸ ਦੀ ਜੁਮੇਵਾਰ ਪੰਜਾਬ ਸਰਕਾਰ ਹੋਵੇਗੀ।
ਇਸ ਮੌਕੇ ਸੂਬਾ ਕਮੇਟੀ ਆਗੂ ਮਨਦੀਪ ਸਿੰਘ ਕੁੰਦੀ ਵੱਲੋਂ ਦੱਸਿਆ ਗਿਆ ਕਿ ਸਿੱਪੀ ਸ਼ਰਮਾ ਉਹੀ ਲੜਕੀ ਹੈ, ਜਿਸ ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸਪਰੀਮੋ ਅਰਵਿੰਦ ਕੇਜਰੀਵਾਲ ਅਤੇ ਸੀਐੱਮ ਭਗਵੰਤ ਮਾਨ ਨੇ ਆਪਣੀ ਮੂੰਹ ਬੋਲੀ ਭੈਣ ਬਣਾ ਕੇ ਮੋਹਾਲੀ ਦੀ ਟੈਂਕੀ ਤੋਂ ਹੇਠਾਂ ਉਤਾਰਿਆ ਸੀ ਤੇ ਹੁਣ ਉਹੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ਼ ਮੁੜ ਸੰਗਰੂਰ ਦੀ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਈ ਹੈ। ਉਨ੍ਹਾਂ ਦੱਸਿਆ ਕਿ ਸਿੱਖਿਆ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ ਦੁਆਰਾ ਪੀਟੀਆਈ 646 ਪੋਸਟਾਂ ਨਾ ਭਰਨ ਲਈ ਸਾਫ਼ ਜਵਾਬ ਦਿੱਤਾ ਗਿਆ ਹੈ ਜਦ ਕਿ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਸਿੱਖਿਆ ਮੰਤਰੀ ਦੁਆਰਾ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਹੁੰ ਖਾਧੀ ਗਈ ਸੀ ਅਤੇ ਕਿਹਾ ਗਿਆ ਸੀ ਕਿ ਤੁਹਾਡੀ ਭਰਤੀ ਬਹੁਤ ਜਲਦੀ ਕੀਤੀ ਜਾਵੇਗੀ, ਪਰ ਲੱਗਭੱਗ ਡੇਢ ਸਾਲ ਬੀਤ ਜਾਣ ਦੇ ਬਾਵਜੂਦ ਵੀ 646 ਬੇਰੁਜ਼ਗਾਰ ਅਧਿਆਪਕਾਂ ਦੀ ਕੋਈ ਸਾਰ ਨਹੀਂ ਲਈ ਗਈ ਅਤੇ ਨਾਂ ਹੀ ਕੋਈ ਭਰਤੀ ਪ੍ਰਕ੍ਰਿਆ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਨਯੋਗ ਹਾਈਕੋਰਟ ਵੱਲੋਂ ਭਰਤੀ ਕਰਨ ਦਾ ਫੈਸਲਾ ਬੇਰੁਜ਼ਗਾਰਾਂ ਦੇ ਹੱਕ ਵਿੱਚ ਆ ਚੁੱਕਾ ਹੈ। ਜਿਹੜਾ ਕਿ ਡਿਪਾਰਟਮੇਂਟ ਨੇ ਖੁਦ 2021 ਵਿੱਚ ਸੀ.ਐੱਮ ਲਗਾ ਕੇ ਫੈਸਲਾ ਲਿਆ ਸੀ ਕਿ ਅਸੀਂ 646 ਪੀਟੀਆਈ ਅਧਿਆਪਕਾਂ ਦੀ ਭਰਤੀ ਕਰਨੀ ਹੈ, ਪਰ ਹੁਣ ਤੱਕ ਓਹੀ ਡਿਪਾਟਮੈਂਟ ਭਰਤੀ ਨਾ ਕਰਨ ਲਈ ਕੇਡਰ ਖਤਮ ਕਰਨ ਦਾ ਪੱਤਰ ਕੋਰਟ ਵਿੱਚ ਪੇਸ਼ ਕਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰਾਂ ਦੀ ਮੰਗ ਹੈ ਜੇਕਰ ਮੀਟਿੰਗ ਵਿੱਚ 646 ਪੀਟੀਆਈ ਅਧਿਆਪਕਾਂ ਦੀ ਮੈਰਿਟ ਲਿਸਟ ਜਾਰੀ ਨਹੀਂ ਕੀਤੀ ਜਾਂਦੀ ਤਾਂ ਯੂਨੀਅਨ ਵੱਲੋਂ ਆਰ-ਪਾਰ ਦੀ ਲੜਾਈ ਲੜੀ ਜਾਵੇਗੀ ਕਿਉਕਿ ਅਸੀਂ ਬੇਰੁਜ਼ਗਾਰ ਪਿਛਲੇ 12 ਸਾਲਾਂ ਤੋਂ ਬੇਰੁਜ਼ਗਾਰੀ ਦਾ ਸੰਤਾਪ ਭੋਗ ਰਹੇ ਹਾਂ। ਹੁਣ ਬੇਰੁਜ਼ਗਾਰ ਪੀ ਟੀ ਆਈ 646 ਕਰੋ ਜਾਂ ਮਰੋ ਦੀ ਨੀਤੀ ਨੂੰ ਲੈ ਕੇ ਪੂਰੇ ਪੰਜਾਬ ਵਿੱਚ ਗੁਪਤ ਐਕਸ਼ਨ ਕਰਦੇ ਰਹਿਣਗੇ, ਜਦੋਂ ਤੱਕ ਸਿੱਖਿਆ ਮੰਤਰੀ ਜਾ ਡਿਪਾਰਟਮੈਂਟ ਵੱਲੋਂ ਪੂਰਨ ਵਿਸ਼ਵਾਸ਼ ਨਹੀਂ ਦਿਵਾਇਆ ਜਾਂਦਾ ਹੈ ਕਿ ਉਹ 646 ਪੀਟੀਆਈ ਅਧਿਆਪਕਾਂ ਦੀਆਂ ਹੱਕੀ ਮੰਗਾਂ ਪੂਰੀਆਂ ਕਰਨ ਲਈ ਵਚਨਬੱਧ ਹਨ।

Leave a comment