ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਨੇ ਤਸਵੀਰਾਂ ਤੋਂ ਹਟਾਇਆ ਪਰਦਾ
ਅੰਮ੍ਰਿਤਸਰ, 24 ਅਕਤੂਬਰ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਕੇਂਦਰੀ ਸਿੱਖ ਅਜਾਇਬ ਘਰ ‘ਚ ਭਾਈ ਸੀਤਲ ਸਿੰਘ ਸਿਤਾਰਾ ਯੂ.ਕੇ., ਸ. ਸੁਰਿੰਦਰ ਸਿੰਘ ਅਟਾਰੀਵਾਲਾ ਤੇ ਸ. ਇੰਦਰ ਸਿੰਘ ਜੰਮੂ (ਯੂ.ਕੇ.) ਦੀਆਂ ਤਸਵੀਰਾਂ ਸੁਸ਼ੋਭਿਤ ਕੀਤੀਆਂ ਗਈਆਂ। ਤਸਵੀਰਾਂ ਤੋਂ ਪਰਦਾ ਹਟਾਉਣ ਦੀ ਰਸਮ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਨੇ ਨਿਭਾਈ।
ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਤਿੰਨੇ ਸ਼ਖ਼ਸੀਅਤਾਂ ਵਿਦੇਸ਼ ਅੰਦਰ ਸਿੱਖੀ ਪ੍ਰਚਾਰ ਲਈ ਸਾਰਾ ਜੀਵਨ ਤੱਤਪਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਈ ਸੀਤਲ ਸਿੰਘ ਸਿਤਾਰਾ ਦੀ ਅੱਖਾਂ ਦੀ ਰੌਸ਼ਨੀ ਨਾ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੇ ਗੁਰਮਤਿ ਸੰਗੀਤ ਦੀ ਵਿਦਿਆ ਹਾਸਲ ਕੀਤੀ ਅਤੇ ਸੈਂਕੜੇ ਸਿੱਖ ਨੌਜੁਆਨਾਂ ਅਤੇ ਬੱਚਿਆਂ ਨੂੰ ਗੁਰਬਾਣੀ ਕੀਰਤਨ ਦੀ ਸਿਖਲਾਈ ਦਿੱਤੀ। ਭਾਈ ਸੁਰਿੰਦਰ ਸਿੰਘ ਅਟਾਰੀਵਾਲਾ ਬਾਰੇ ਗੱਲ ਕਰਦਿਆਂ ਐਡਵੋਕੇਟ ਧਾਮੀ ਨੇ ਕਿਹਾ ਕਿ ਯੂ.ਕੇ. ਅੰਦਰ ਦਸਤਾਰਧਾਰੀ ਸਾਬਤ ਸੂਰਤ ਸਿੱਖ ਵਜੋਂ ਉਨ੍ਹਾਂ ਨੇ ਅਧਿਆਪਨ ਦਾ ਕਾਰਜ ਕਰਦਿਆਂ ਵਿਸ਼ੇਸ਼ ਤੌਰ ‘ਤੇ ਪੰਜਾਬੀ ਭਾਸ਼ਾ ਨੂੰ ਉਭਾਰਿਆ। ਉਥੋਂ ਦੇ ਸਰਕਾਰੀ ਸਕੂਲਾਂ ਅੰਦਰ ਯੂਰਪੀ ਬੋਲੀਆਂ ਦੇ ਨਾਲ-ਨਾਲ ਪੰਜਾਬੀ ਬੋਲੀ ਪੜ੍ਹਾਉਣ ਵਾਸਤੇ ਸਾਰਥਕ ਉਪਰਾਲੇ ਕੀਤੇ, ਜਿਸ ਦੇ ਨਤੀਜੇ ਵਜੋਂ ਨਵੀਂ ਪੀੜ੍ਹੀ ਪੰਜਾਬੀ ਭਾਸ਼ਾ ਨਾਲ ਦਿਲੋਂ ਜੁੜੀ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਭਾਈ ਇੰਦਰ ਸਿੰਘ ਯੂ.ਕੇ. ਦੀਆਂ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਾਈ ਇੰਦਰ ਸਿੰਘ ਲੰਡਨ ਕਾਊਂਸਲ ਦੇ ਪਹਿਲੇ ਅੰਮ੍ਰਿਤਧਾਰੀ ਮੇਅਰ ਸਨ, ਜਿਨ੍ਹਾਂ ਖਾਲਸਾ ਪੰਥ ਦੇ 300 ਸਾਲਾ ਸਾਜਣਾ ਦਿਵਸ ‘ਤੇ ਟਾਊਨ ਹਾਲ ਖਾਲਸਈ ਨਿਸ਼ਾਨ ਸਾਹਿਬ ਝੁਲਾਇਆ ਸੀ। ਇਸ ਦੇ ਨਾਲ ਹੀ ਸਿੱਖੀ ਪ੍ਰਚਾਰ ਅਤੇ ਪੰਜਾਬੀ ਬੋਲੀ ਲਈ ਉਨ੍ਹਾਂ ਵੱਲੋਂ ਕੀਤੇ ਯਤਨ ਵੀ ਪ੍ਰਸ਼ੰਸਾਯੋਗ ਹਨ।
ਸਮਾਗਮ ਦੌਰਾਨ ਦੌਰਾਨ ਪ੍ਰਸਿੱਧ ਕਥਾਵਾਚਕ ਗਿਆਨੀ ਗੁਰਬਖ਼ਸ਼ ਸਿੰਘ ਗੁਲਸ਼ਨ ਯੂ.ਕੇ. ਨੇ ਸੰਬੋਧਨ ਕਰਦਿਆਂ ਤਿੰਨਾਂ ਸ਼ਖ਼ਸੀਅਤਾਂ ਦੇ ਪੰਥਕ ਕਾਰਜਾਂ ਬਾਰੇ ਵਿਸਥਾਰਤ ਜਾਣਕਾਰੀ ਦੇਣ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਦੀਆਂ ਤਸਵੀਰਾਂ ਲਗਾਉਣ ਸਬੰਧੀ ਲਏ ਫੈਸਲੇ ਵਾਸਤੇ ਧੰਨਵਾਦ ਕੀਤਾ। ਇਸ ਮੌਕੇ ਪੁੱਜੀਆਂ ਸ਼ਖ਼ਸੀਅਤਾਂ ਨੂੰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਨੇ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।