#CANADA

ਕਿਸੇ ਦੀਆਂ ਗਲਤੀਆਂ ਲੱਭਣ ਦੀ ਬਜਾਏ ਆਪਣੀਆਂ ਗਲਤੀਆਂ ਲੱਭਣੀਆਂ ਤੇ ਸੁਧਾਰਨੀਆਂ ਚਾਹੀਦੀਆਂ ਹਨ – ਠਾਕੁਰ ਦਲੀਪ ਸਿੰਘ

ਸਰੀ, 5 ਸਤੰਬਰ (ਹਰਦਮ ਮਾਨ/ਪੰਜਾਬ ਮੇਲ)- ਨਾਮਧਾਰੀ ਸੰਪਰਦਾ ਦੇ ਮੁਖੀ ਠਾਕੁਰ ਦਲੀਪ ਸਿੰਘ ਨੇ ਕਿਹਾ ਹੈ ਕਿ ਹਰ ਮਨੁੱਖ ਵਿਚ ਕੁਝ ਕਮੀਆਂ, ਕੁਝ ਗਲਤੀਆਂ ਹੁੰਦੀਆਂ ਹਨ। ਪੰਜਾਂ ਤੱਤਾਂ ਤੋਂ ਬਣਿਆ ਕੋਈ ਵੀ ਮਨੁੱਖ ਸੰਪੂਰਨ ਨਹੀਂ ਹੁੰਦਾ। ਜਿਸ ਮਨੁੱਖ ਵਿੱਚ 70% ਗੁਣ ਹਨ, ਜੋ ਮਨੁੱਖ 70% ਚੰਗੇ ਕਰਮ ਕਰਦਾ ਹੈ, ਉਸ ਨੂੰ ਸੰਪੂਰਨ ਮੰਨ ਲੈਣਾ ਚਾਹੀਦਾ ਹੈ; 80% ਤੋਂ ਜ਼ਿਆਦਾ ਗੁਣ ਤਾਂ ਕਿਸੇ ਵਿੱਚ ਹੋ ਹੀ ਨਹੀਂ ਸਕਦੇ।
ਆਪਣੇ ਇਕ ਵੀਡੀਓ ਸੰਦੇਸ਼ ਰਾਹੀਂ ਠਾਕੁਰ ਦਲੀਪ ਸਿੰਘ ਨੇ ਕਿਹਾ ਹੈ ਕਿ ਕਿਸੇ ਦੀਆਂ ਗਲਤੀਆਂ ਅਤੇ ਕਮੀਆਂ ਲੱਭਣ ਦੀ ਬਜਾਏ ਆਪਣੀਆਂ ਗਲਤੀਆਂ ਨੂੰ ਲੱਭਣਾ ਅਤੇ ਉਹਨਾਂ ਗਲਤੀਆਂ ਨੂੰ ਸੁਧਾਰਨ ਵਾਸਤੇ ਯਤਨਸ਼ੀਲ ਹੋਣਾ ਚਾਹੀਦਾ ਹੈ। ਕਿਸੇ ਦੇ ਗੁਣ ਵੇਖ ਕੇ ਉਸ ਦੀ ਸੱਚੀ ਸ਼ੋਭਾ ਕਰਨੀ ਚਾਹੀਦੀ ਹੈ। ਜਿੱਥੇ ਵੀ ਕੋਈ ਸਭਾ, ਇਕੱਤਰਤਾ ਜਾਂ ਮੀਟਿੰਗ ਹੋਵੇ ਉੱਥੇ ਕਿਸੇ ਦੀ ਗਲਤੀਆਂ ਕੱਢ ਕੇ ਉਸ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਕਿਸੇ ਨੇ ਜੋ ਵੀ ਗਲਤੀ ਕੀਤੀ ਹੈ; ਉਸ ਨਾਲ ਇਕੱਲਿਆਂ ਗੱਲ ਕਰਕੇ ਉਸ ਨੂੰ ਸੁਧਾਰਨ ਦਾ ਯਤਨ ਹੋਣਾ ਚਾਹੀਦਾ ਹੈ। ਕਿਸੇ ਵੀ ਕੰਮ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਇੱਕ ਦੂਜੇ ਨਾਲ ਤੂੰ-ਤੂੰ, ਮੈਂ-ਮੈਂ ਕਰਕੇ ਕਿਸੇ ਵੀ ਸਭਾ ਦਾ ਸਮਾਂ ਵਿਅਰਥ ਨਹੀਂ ਗਵਾਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਤੋਂ ਗਲਤ ਹੋ ਗਿਆ ਜਾਂ ਕਿਸੇ ਨੇ ਗਲਤ ਕੀਤਾ ਹੈ ਤਾਂ ਉਸ ਗੱਲ ਨੂੰ ਛੱਡ ਕੇ ਇਹ ਵਿਚਾਰ ਕਰੋ ਕਿ ਜੋ ਗਲਤ ਹੋ ਗਿਆ ਹੈ ਉਸ ਨੂੰ ਕਿਵੇਂ ਸੁਧਾਰਿਆ ਜਾਵੇ। ਪ੍ਰਗਤੀ ਕਰਨ ਉੱਤੇ ਆਪਣਾ ਧਿਆਨ ਲਾਓ ਅਤੇ ਅੱਗੇ ਵਧੋ। ਜੋ ਗਲਤ ਹੈ ਉਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੋ।
ਠਾਕੁਰ ਜੀ ਨੇ ਇਹ ਵੀ ਆਖਿਆ ਕਿ ਹਰ ਇਨਸਾਨ ਕੁਝ ਗਲਤੀਆਂ ਜਾਣ ਬੁੱਝ ਕੇ ਕਰਦਾ ਹੈ, ਕੁਝ ਗਲਤੀਆਂ ਉਸ ਤੋਂ ਹੋ ਜਾਂਦੀਆਂ ਹਨ, ਕੁਝ ਗਲਤੀਆਂ ਬਿਨਾਂ ਕੀਤੇ ਵੀ ਉਸ ਦੇ ਨਾਮ ਲੱਗ ਜਾਂਦੀਆਂ ਹਨ। ਇਸ ਲਈ ਕਿਸੇ ਨੂੰ ਗਲਤ ਅਤੇ ਆਪਣੇ ਆਪ ਨੂੰ ਠੀਕ ਸਿੱਧ ਕਰਨ ਦੀ ਬਜਾਏ ਇਸ ਵਿਸ਼ਵਾਸ ਨਾਲ ਕੰਮ ਕਰੋ ਕਿ ਗਲਤੀ ਸਭ ਤੋਂ ਹੁੰਦੀ ਹੈ, ਹਰ ਕੋਈ ਗਲਤੀ ਕਰਦਾ ਹੈ.. ਜਿਨ੍ਹਾਂ ਵਿੱਚ ਮੈਂ ਵੀ ਸ਼ਾਮਿਲ ਹਾਂ।
ਨਾਮਧਾਰੀ ਮੁਖੀ ਦਾ ਕਹਿਣਾ ਹੈ ਕਿ ਆਮ ਤੌਰ ਉੱਤੇ ਬਹੁਤੀਆਂ ਗਲਤੀਆਂ ਕੋਈ ਵੀ ਮਨੁੱਖ ਜਾਣ ਬੁੱਝ ਕੇ ਨਹੀਂ ਕਰਦਾ, ਉਸ ਤੋਂ ਭੋਲੇਪਣ ਵਿੱਚ ਹੀ ਗਲਤੀਆਂ ਹੋ ਜਾਂਦੀਆਂ ਹਨ ਜਾਂ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਉਸ ਵਿਅਕਤੀ ਦੀ ਸੋਚ ਅਨੁਸਾਰ ਜੋ ਕੰਮ ਉਹ ਕਰ ਰਿਹਾ ਹੈ; ਉਹ ਠੀਕ ਹੈ ਅਤੇ ਉਸ ਅਨੁਸਾਰ ਉਸ ਦਾ ਕੰਮ ਕਰਨ ਦਾ ਢੰਗ ਵੀ ਠੀਕ ਹੈ ਪਰ ਕਿਉਂਕਿ ਸਾਡਾ ਸੋਚਣ ਦਾ ਤਰੀਕਾ ਅਤੇ ਉਸ ਦਾ ਸੋਚਣ ਦਾ ਤਰੀਕਾ ਵੱਖੋ-ਵੱਖਰਾ ਹੈ। ਇਸ ਲਈ ਸਾਡੇ ਦ੍ਰਿਸ਼ਟੀਕੋਣ ਵੀ ਵੱਖੋ-ਵੱਖਰੇ ਹੁੰਦੇ ਹਨ। ਇਸ ਲਈ ਕਿਸੇ ਦਾ ਕੀਤਾ ਹੋਇਆ ਠੀਕ ਕੰਮ ਵੀ ਕਈ ਵਾਰ ਸਾਨੂੰ ਗਲਤ ਲੱਗਦਾ ਹੈ ਅਤੇ ਅਸੀਂ ਉਸ ਕੰਮ ਨੂੰ ਜਾਣ-ਬੁੱਝ ਕੇ ਕੀਤੀ ਹੋਈ ਗਲਤੀ ਸਮਝਦੇ ਹਾਂ। ਜਦੋਂ ਕਿ ਉਹੀ ਕੰਮ ਜਿਸ ਮਨੁੱਖ ਨੇ ਕੀਤਾ ਹੈ, ਉਸ ਅਨੁਸਾਰ ਉਹ ਠੀਕ ਹੈ ਕਿਉਂਕਿ ਉਸ ਦੀ ਸੋਚ ਸਾਡੇ ਨਾਲੋਂ ਵੱਖਰੀ ਹੈ। ਵੱਖੋ-ਵੱਖਰੇ ਦ੍ਰਿਸ਼ਟੀਕੋਣ ਹੋਣ ਕਾਰਨ ਕਈ ਵਾਰ ਠੀਕ ਅਤੇ ਗਲਤ ਵਿਚਕਾਰ ਨਿਰਣਾ ਕਰਨਾ ਕਠਿਨ ਹੋ ਜਾਂਦਾ ਹੈ। ਇਸ ਲਈ ਕਿਸੇ ਦੀਆਂ ਗਲਤੀਆਂ ਲੱਭਣ ਅਤੇ ਕੱਢਣ ਦੀ ਬਜਾਏ; ਕਿਸੇ ਕੰਮ ਨੂੰ ਠੀਕ ਕਿਵੇਂ ਕਰਨਾ ਹੈ, ਤਰੱਕੀ ਕਿਵੇਂ ਕਰਨੀ ਹੈ? ਇਸ ਗੱਲ ਉੱਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।

Leave a comment