#OTHERS

ਕਿਮ ਜੌਂਗ ਵੱਲੋਂ ਰੂਸ ਦੇ ਰੱਖਿਆ ਮੰਤਰੀ ਨਾਲ ਮੁਲਾਕਾਤ

ਸਿਓਲ, 28 ਜੁਲਾਈ (ਪੰਜਾਬ ਮੇਲ)- ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਉਨ ਨੇ ਫੌਜੀ ਮੁੱਦਿਆਂ ਤੇ ਖੇਤਰੀ ਸੁਰੱਖਿਆ ਮਾਹੌਲ ‘ਤੇ ਚਰਚਾ ਲਈ ਰੂਸ ਦੇ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨਾਲ ਮੁਲਾਕਾਤ ਕੀਤੀ। ਸਰਕਾਰੀ ਮੀਡੀਆ ਨੇ ਦੱਸਿਆ ਕਿ ਉੱਤਰੀ ਕੋਰੀਆ 1950-53 ਦੀ ਜੰਗਬੰਦੀ ਦੀ 70ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਉੱਤਰੀ ਕੋਰੀਆ ਦੀ ਸਰਕਾਰੀ ਨਿਊਜ਼ ਏਜੰਸੀ ਕੋਰੀਅਨ ਸੈਂਟਰਲ ਨਿਊਜ਼ ਏਜੰਸੀ (ਕੇ.ਸੀ.ਐੱਨ.ਏ.) ਨੇ ਦੱਸਿਆ ਕਿ ਕਿਮ ਅਤੇ ਸ਼ੋਇਗੂ ਦੀ ਮੁਲਾਕਾਤ ਬੀਤੇ ਦਿਨੀਂ ਰਾਜਧਾਨੀ ਪਿਓਂਗਯਾਂਗ ‘ਚ ਹੋਈ। ਇਸ ਦੌਰਾਨ ਦੋਵਾਂ ਆਗੂਆਂ ਨੇ ਕੌਮੀ ਰੱਖਿਆ ਅਤੇ ਖੇਤਰੀ ਤੇ ਕੌਮਾਂਤਰੀ ਸੁਰੱਖਿਆ ਦੇ ਮਾਹੌਲ ਨੂੰ ਲੈ ਕੇ ਆਪਸੀ ਚਿੰਤਾ ਅਤੇ ਮਾਮਲਿਆਂ ‘ਤੇ ਸਹਿਮਤੀ ਜ਼ਾਹਿਰ ਕੀਤੀ। ਕੇ.ਸੀ.ਐੱਨ.ਏ. ਨੇ ਦੱਸਿਆ ਕਿ ਮੀਟਿੰਗ ਦੌਰਾਨ ਸ਼ੋਇਗੂ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਦਸਤਖ਼ਤਾਂ ਵਾਲਾ ਪੱਤਰ ਵੀ ਕਿਮ ਨੂੰ ਦਿੱਤਾ। ਕੇ.ਸੀ.ਐੱਨ.ਏ. ਨੇ ਇਹ ਵੀ ਦੱਸਿਆ ਕਿ ਕਿਮ ਯੌਂਗ ਉਨ ਰੂਸੀ ਰੱਖਿਆ ਮੰਤਰੀ ਨੂੰ ਇੱਕ ਹਥਿਆਰ ਪ੍ਰਦਰਸ਼ਨੀ ‘ਚ ਵੀ ਲੈ ਕੇ ਗਏ, ਜਿੱਥੇ ਉੱਤਰੀ ਕੋਰੀਆ ਦੇ ਕੁਝ ਨਵੇਂ ਹਥਿਆਰ ਰੱਖੇ ਗਏ ਹਨ। ਕਿਮ ਨੇ ਸ਼ੋਇਗੂ ਨੂੰ ਦੇਸ਼ ਦੀ ਫੌਜੀ ਸਮਰੱਥਾ ਵਧਾਉਣ ਲਈ ਕੌਮੀ ਯੋਜਨਾਵਾਂ ਬਾਰੇ ਵੀ ਜਾਣਕਾਰੀ ਦਿੱਤੀ। ਰੂਸ ਦੇ ਰੱਖਿਆ ਮੰਤਰਾਲੇ ਨੇ ਇੱਕ ਬਿਆਨ ‘ਚ ਕਿਹਾ ਕਿ ਬੀਤੇ ਦਿਨੀਂ ਸ਼ੋਇਗੂ ਨੇ ਉੱਤਰੀ ਕੋਰੀਆ ਦੇ ਰੱਖਿਆ ਮੰਤਰੀ ਨਾਲ ਵੀ ਮੁਲਾਕਾਤ ਕੀਤੀ ਸੀ, ਜਿਸ ਦਾ ਮਕਸਦ ਦੋਵਾਂ ਮੁਲਕਾਂ ਦੇ ਰੱਖਿਆ ਵਿਭਾਗਾਂ ਦਰਮਿਆਨ ਸਹਿਯੋਗ ਵਧਾਉਣਾ ਸੀ।

Leave a comment