#PUNJAB

‘ਕਾਲੇ ਧਨ ਨੂੰ ਸਫੈਦ’ ਕਰਨ ਵਾਲੀਆਂ ਕੰਪਨੀਆਂ ‘ਤੇ ਵਿਜੀਲੈਂਸ ਦਾ ਸ਼ਿਕੰਜਾ

* ਸਿਆਸਤਦਾਨਾਂ ਤੇ ਅਧਿਕਾਰੀਆਂ ਵੱਲੋਂ ਰੀਅਲ ਅਸਟੇਟ ਕੰਪਨੀਆਂ ‘ਚ ‘ਗੁਪਤ ਨਿਵੇਸ਼’ ਦੇ ਤੱਥ ਆਏ ਸਾਹਮਣੇ
* ਵਿਜੀਲੈਂਸ ਨੇ ਸਰੋਤਾਂ ਤੋਂ ਜ਼ਿਆਦਾ ਆਮਦਨ ਦੇ ਮਾਮਲਿਆਂ ਦੀ ਜਾਂਚ ‘ਚ ਕੰਪਨੀਆਂ ਨੂੰ ਵੀ ਆਧਾਰ ਬਣਾਇਆ
ਚੰਡੀਗੜ੍ਹ, 9 ਫਰਵਰੀ (ਪੰਜਾਬ ਮੇਲ)- ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਬੇਨਾਮੀ ਜਾਂ ਕਾਨੂੰਨੀ ਵਾਰਿਸਾਂ ਦੇ ਨਾਂ ‘ਤੇ ਜਾਇਦਾਦ ਬਣਾਉਣ ਵਾਲੇ ਸਿਆਸਤਦਾਨਾਂ ਅਤੇ ਅਫ਼ਸਰਾਂ ਦੀ ਸ਼ਨਾਖਤ ਦੇ ਨਾਲ-ਨਾਲ ਬਿਲਡਰਾਂ ਤੇ ਰੀਅਲ ਅਸਟੇਟ ਕੰਪਨੀਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੰਘੇ ਇਕ ਸਾਲ ਤੋਂ ਸਿਆਸਤਦਾਨਾਂ ਅਤੇ ਅਫ਼ਸਰਾਂ ਖਿਲਾਫ਼ ਸਰੋਤਾਂ ਤੋਂ ਜ਼ਿਆਦਾ ਆਮਦਨ ਦੇ ਮਾਮਲਿਆਂ ਦੀ ਤਫ਼ਤੀਸ਼ ਦੌਰਾਨ ਅਫ਼ਸਰਾਂ ਤੇ ਸਿਆਸਤਦਾਨਾਂ ਵੱਲੋਂ ਆਪਣੇ ਧੀਆਂ ਪੁੱਤਾਂ ਤੇ ਜੀਵਨ ਸਾਥੀਆਂ ਦੇ ਨਾਂ ‘ਤੇ ਰੀਅਲ ਅਸਟੇਟ ਕੰਪਨੀਆਂ ਵਿਚ ਕਰੋੜਾਂ ਰੁਪਏ ਦਾ ਨਿਵੇਸ਼ ਕਰਨ ਦੇ ਤੱਥ ਸਾਹਮਣੇ ਆਏ ਹਨ। ਵਿਜੀਲੈਂਸ ਦੀ ਤਫ਼ਤੀਸ਼ ਦੌਰਾਨ ਇਹ ਤੱਥ ਵੀ ਸਾਹਮਣੇ ਆਏ ਹਨ ਕਿ ਅਫ਼ਸਰਾਂ ਤੇ ਸਿਆਸਤਦਾਨਾਂ ਦੇ ਧੀਆਂ ਪੁੱਤ ਬਾਲਗ ਹੁੰਦਿਆਂ ਹੀ ਸਾਲਾਨਾ ਮੋਟੀ ਕਮਾਈ ਕਰਨ ਲੱਗ ਜਾਂਦੇ ਹਨ ਤੇ ਪਤਨੀਆਂ ਦੇ ਨਾਂ ‘ਤੇ ਵੀ ਸਾਲਾਨਾ ਆਮਦਨ ਦਾ ਮੋਟਾ ਗੱਫਾ ਆਉਂਦਾ ਹੈ।
ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਿਰੀਸ਼ ਵਰਮਾ ਦੇ ਇਕ ਸਾਥੀ ਕਾਲੋਨਾਈਜ਼ਰ ਆਸ਼ੂ ਗੋਇਲ ਨੂੰ ਇਸ ਕਰ ਕੇ ਗ੍ਰਿਫਤਾਰ ਕੀਤਾ ਗਿਆ ਹੈ ਕਿਉਂਕ ਇਹ ਵਿਅਕਤੀ ਆਮਦਨ ਦੇ ਜਾਣੂ ਸਰੋਤਾਂ ਨਾਲੋਂ ਵੱਧ ਦੌਲਤ ਬਣਾਉਣ ਵਿਚ ਮਦਦ ਕਰਨ ਤੇ ਨਾਜਾਇਜ਼ ਪੈਸੇ ਨੂੰ ਨਿਵੇਸ਼ ਕਰਵਾਉਣ ਦਾ ਦੋਸ਼ੀ ਹੈ। ਵਿਜੀਲੈਂਸ ਮੁਤਾਬਕ ਆਸ਼ੂ ਗੋਇਲ, ਗੌਰਵ ਗੁਪਤਾ ਅਤੇ ਵਿਕਾਸ ਵਰਮਾ ਨੇ ਦੋ ਫਰਮਾਂ, ਮੈਸਰਜ਼ ਬਾਲਾ ਜੀ ਇਨਫਰਾ ਬਿਲਡਟੈਕ, ਖਰੜ ਅਤੇ ਮੈਸਰਜ਼ ਬਾਲਾ ਜੀ ਡਿਵੈਲਪਰ ਕੁਰਾਲੀ ਦੀ ਸਥਾਪਨਾ ਕੀਤੀ। ਇਨ੍ਹਾਂ ਵਿਅਕਤੀਆਂ ਨੇ ਦੋਵਾਂ ਫਰਮਾਂ ਦੇ ਅਧੀਨ ਕਲੋਨੀਆਂ ਵਿਕਸਿਤ ਕੀਤੀਆਂ ਅਤੇ ਈਓ ਗਿਰੀਸ਼ ਵਰਮਾ ਨੇ ਆਪਣੇ ਪੁੱਤਰ ਰਾਹੀਂ ਇਨ੍ਹਾਂ ਫਰਮਾਂ ਵਿਚ ਗੈਰਕਾਨੂੰਨੀ ਤੌਰ ‘ਤੇ ਕਮਾਇਆ ਨਾਜਾਇਜ਼ ਪੈਸਾ ਸਹੀ ਦਰਸਾਉਣ (ਵ੍ਹਾਈਟ ਮਨੀ) ਲਈ ਨਿਵੇਸ਼ ਕੀਤਾ।
ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਹੋਰ ਜਾਂਚ ਚੱਲ ਰਹੀ ਹੈ ਅਤੇ ਇਸ ਮਾਮਲੇ ਵਿਚ ਹੋਰ ਸ਼ੱਕੀ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ। ਵਿਜੀਲੈਂਸ ਵੱਲੋਂ ਗਿਰੀਸ਼ ਵਰਮਾ, ਉਸ ਦੀ ਪਤਨੀ ਸੰਗੀਤਾ ਸ਼ਰਮਾ ਤੇ ਉਸ ਦੇ ਪੁੱਤਰ ਵਿਕਾਸ ਵਰਮਾ ਦੇ ਖਿਲਾਫ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿਚ ਵਿਜੀਲੈਂਸ ਵੱਲੋਂ ਵਰਮਾ ਦੇ ਪਰਿਵਾਰਕ ਮੈਂਬਰਾਂ ਸਮੇਤ ਦੋਸਤਾਂ ਦੇ ਖਿਲਾਫ਼ ਵੀ ਕਾਰਵਾਈ ਦੀ ਲੰਮੀ ਸੂਚੀ ਤਿਆਰ ਕੀਤੀ ਹੈ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਗਿਰੀਸ਼ ਵਰਮਾ ਵੱਲੋਂ ਆਪਣੀ ਤਾਇਨਾਤੀ ਲਈ ਸਿਆਸਤਦਾਨਾਂ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਨੂੰ ਮਹੀਨਾਵਾਰ ਪੈਸੇ ਦਿੱਤੇ ਜਾਂਦੇ ਸਨ, ਜਿਸ ਦੀ ਜਾਂਚ ਚੱਲ ਰਹੀ ਹੈ।
ਵਿਜੀਲੈਂਸ ਸੂਤਰਾਂ ਦਾ ਦੱਸਣਾ ਹੈ ਕਿ ਸੂਬੇ ਦੇ ਇਕ ਸੇਵਾਮੁਕਤ ਅਧਿਕਾਰੀ ਵੱਲੋਂ ਮੋਹਾਲੀ ਦੀ ਇਕ ਵੱਡੀ ਰੀਅਲ ਅਸਟੇਟ ਕੰਪਨੀ ਵਿਚ ਕਰੋੜਾਂ ਰੁਪਏ ਦਾ ਨਿਵੇਸ਼ ਕੀਤਾ ਹੋਇਆ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਵਿਜੀਲੈਂਸ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਇਸ ਅਧਿਕਾਰੀ ਤੋਂ ਸਮੁੱਚੀ ਜਾਣਕਾਰੀ ਦੀ ਮੰਗ ਕੀਤੀ ਜਾ ਰਹੀ ਹੈ।
ਵਿਜੀਲੈਂਸ ਅਧਿਕਾਰੀਆਂ ਦਾ ਦੱਸਣਾ ਹੈ ਕਿ ਲੰਘੇ 20 ਕੁ ਸਾਲਾਂ ਦੇ ਵਕਫੇ ਦੌਰਾਨ ਮੋਹਾਲੀ, ਪੰਚਕੂਲਾ, ਨਿਊ ਚੰਡੀਗੜ੍ਹ, ਜ਼ੀਰਕਪੁਰ, ਖਰੜ ਆਦਿ ਖੇਤਰਾਂ ਵਿਚ ਰਾਤੋ-ਰਾਤ ਪੈਦਾ ਹੋਈਆਂ ਕਾਲੋਨੀਆਂ ਵਿਚ ਅਫ਼ਸਰਾਂ ਤੇ ਸਿਆਸਤਦਾਨਾਂ ਵੱਲੋਂ ‘ਗੁਪਤ ਨਿਵੇਸ਼’ ਕੀਤਾ ਹੋਇਆ ਹੈ। ਤਫ਼ਤੀਸ਼ ਦੌਰਾਨ ਕਈ ਅਫ਼ਸਰ ਧੀਆਂ ਪੁੱਤਾਂ ਦੇ ਨਾਂ ‘ਤੇ ਹੋਏ ਨਿਵੇਸ਼ ਨੂੰ ਤਰਕਸੰਗਤ ਨਹੀਂ ਠਹਿਰਾ ਸਕੇ। ਇਸ ਲਈ ਵਿਜੀਲੈਂਸ ਨੇ ਉਨ੍ਹਾਂ ਅਫ਼ਸਰਾਂ ਤੇ ਸਿਆਸਤਦਾਨਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਹੈ, ਜਿਨ੍ਹਾਂ ਬਿਲਡਰਾਂ ਜਾਂ ਰੀਅਲ ਅਸਟੇਟ ਕੰਪਨੀਆਂ ‘ਚ ਨਿਵੇਸ਼ ਕੀਤਾ ਹੈ। ਇਸ ਮਾਮਲੇ ਵਿਚ ਪਹਿਲੀ ਐੱਫ.ਆਈ.ਆਰ. ਸਥਾਨਕ ਸਰਕਾਰਾਂ ਵਿਭਾਗ ਦੇ ਕਾਰਜਸਧਾਕ ਅਫ਼ਸਰ ਗਿਰੀਸ਼ ਵਰਮਾ ਦੇ 23 ਸਾਲਾ ਪੁੱਤਰ ਦੇ ਨਾਂ ‘ਤੇ ਨਿਵੇਸ਼ ਕਰਵਾਉਣ ਵਾਲੇ ਆਸ਼ੂ ਗੋਇਲ ਤੇ ਗੌਰਵ ਗੁਪਤਾ ਖਿਲਾਫ਼ ਦਰਜ ਕੀਤੀ ਗਈ ਹੈ। ਬਿਊਰੋ ਵੱਲੋਂ ਇਸ ਤਰ੍ਹਾਂ ਦੀ ਕਾਰਵਾਈ ਪਹਿਲੀ ਦਫ਼ਾ ਕੀਤੀ ਗਈ ਹੈ।

Leave a comment