ਜੈਪੁਰ, 23 ਸਤੰਬਰ (ਪੰਜਾਬ ਮੇਲ)- ਜੈਪੁਰ ਵਿਚ ਕਾਂਗਰਸ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵਾਅਦਾ ਕੀਤਾ ਕਿ ਜੇਕਰ ਕਾਂਗਰਸ ਅਗਲੇ ਸਾਲ ਕੇਂਦਰ ਵਿਚ ਆਈ ਤਾਂ ਮਹਿਲਾ ਰਾਖਵਾਂਕਰਨ ਬਿੱਲ ਵਿਚ ਸੋਧ ਕੀਤੀ ਜਾਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਇਸ ਬਿੱਲ ਨੂੰ ਫੌਰੀ ਲਾਗੂ ਕਰਨ ਵਿਚ ਕੋਈ ਵੱਡਾ ਕਾਨੂੰਨੀ ਪੇਚ ਨਹੀਂ ਹੈ, ਪਰ ਭਾਜਪਾ ਇਸ ਨੂੰ ਦਸ ਸਾਲਾਂ ਲਈ ਲਟਕਾ ਕੇ ਰੱਖਣਾ ਚਾਹੁੰਦੀ ਹੈ। ਕਾਂਗਰਸ ਨੇ ਮੰਗ ਕੀਤੀ ਕਿ ਇਸ ਬਿੱਲ ਵਿਚ ਓ.ਬੀ.ਸੀ. ਸ਼੍ਰੇਣੀ ਦੀਆਂ ਔਰਤਾਂ ਨੂੰ ਵੀ ਸ਼ਾਮਲ ਕੀਤਾ ਜਾਵੇ। ਕਾਂਗਰਸ ਆਗੂ ਨੇ ਮਹਿਲਾ ਰਾਖਵਾਂਕਰਨ ਬਿੱਲ ਲਿਆਉਣ ਪਿੱਛੇ ਨਰਿੰਦਰ ਮੋਦੀ ਸਰਕਾਰ ਦੀ ਨੀਅਤ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਭਾਜਪਾ ਔਰਤਾਂ ਲਈ ਰਾਖਵਾਂਕਰਨ ਲਾਗੂ ਨਹੀਂ ਕਰਨਾ ਚਾਹੁੰਦੀ। ਖੜਗੇ ਨੇ ਕਿਹਾ ਕਿ ਸਰੋਜਿਨੀ ਨਾਇਡੂ ਕਾਂਗਰਸ ਦੀ ਪਹਿਲੀ ਮਹਿਲਾ ਪ੍ਰਧਾਨ ਸੀ ਅਤੇ ਭਾਜਪਾ ਦੱਸੇ, ”ਬੀਤੇ 100 ਸਾਲਾਂ ਵਿਚੋਂ ਕੋਈ ਔਰਤ ਭਾਜਪਾ ਜਾਂ ਆਰ.ਐੱਸ.ਐੱਸ. ਦੀ ਪ੍ਰਧਾਨ ਬਣੀ ਹੈ?”