#PUNJAB

ਕਾਂਗਰਸ ਵਰਕਿੰਗ ਕਮੇਟੀ ’ਚ ਨਵਜੋਤ ਸਿੱਧੂ ਨੂੰ ਜਗ੍ਹਾ ਨਾ ਮਿਲਣ ’ਤੇ ਸਿਆਸੀ ਹਲਕਿਆਂ ’ਚ ਛਿੜੀ ਚਰਚਾ

ਲੁਧਿਆਣਾ, 21 ਅਗਸਤ (ਪੰਜਾਬ ਮੇਲ)- ਕਾਂਗਰਸ ਵਲੋਂ ਜੋ ਵਰਕਿੰਗ ਕਮੇਟੀ ਦਾ ਗਠਨ ਕੀਤਾ ਗਿਆ ਹੈ, ਉਸ ਵਿਚ ਨਵਜੋਤ ਸਿੱਧੂ ਨੂੰ ਜਗ੍ਹਾ ਨਾ ਮਿਲਣ ਨਾਲ ਚਰਚਾ ਛਿੜ ਗਈ ਹੈ| ਇੱਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਜੇਲ੍ਹ ’ਚੋਂ ਰਿਹਾਅ ਹੋਣ ਦੇ ਬਾਅਦ ਸਿੱਧੂ ਜਲੰਧਰ ਲੋਕ ਸਭਾ ਚੋਣ ਦੇ ਪ੍ਰਚਾਰ ਵਿਚ ਹਿੱਸਾ ਲੈਣ ਦੇ ਇਲਾਵਾ ਕਾਂਗਰਸ ਦੇ ਕੁਝ ਪ੍ਰੋਗਰਾਮਾਂ ਦੌਰਾਨ ਨਜ਼ਰ ਆਏ, ਜਦਕਿ ਉਹ ਜ਼ਿਆਦਾ ਸਮਾਂ ਆਪਣੇ ਪਰਿਵਾਰ ਨੂੰ ਦੇ ਰਹੇ ਹਨ|
ਜਾਣਕਾਰੀ ਮੁਤਾਬਕ ਅੰਦਰਖਾਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਨਗਰ ਨਿਗਮ ਅਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿੱਧੂ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਾਉਣ ਜਾਂ ਪਾਰਟੀ ਵਿਚ ਕੋਈ ਵੱਡੀ ਜ਼ਿੰਮੇਵਾਰੀ ਦੇਣ ਲਈ ਲਾਬਿੰਗ ਕੀਤੀ ਜਾ ਰਹੀ ਹੈ ਪਰ ਇਸ ਦੇ ਉਲਟ ਨਾ ਤਾਂ ਹੁਣ ਤੱਕ ਰਾਜਾ ਵੜਿੰਗ ਗਿਆ ਅਤੇ ਨਾ ਹੀ ਸਿੱਧੂ ਨੂੰ ਪਾਰਟੀ ਵਿਚ ਅਡਜਸਟ ਕੀਤਾ ਗਿਆ| ਇਸ ਦੌਰਾਨ ਕਾਂਗਰਸ ਵਰਕਿੰਗ ਕਮੇਟੀ ਵਿਚ ਸਿੱਧੂ ਨੂੰ ਜਗ੍ਹਾ ਨਾ ਮਿਲਣ ਨਾਲ ਉਨ੍ਹਾਂ ਦੇ ਸਮਰਥਕਾਂ ਵਲੋਂ ਵੱਡੀ ਬਗਾਵਤ ਕਰਨ ਦੀ ਚਰਚਾ ਇਕ ਵਾਰ ਫਿਰ ਤੇਜ਼ ਹੋ ਗਈ ਹੈ|
ਪੰਜਾਬ ਵਿਚ ਇਸ ਸਮੇਂ ਕਾਂਗਰਸ ਦੇ ਦੋ ਸਾਬਕਾ ਮੁੱਖ ਮੰਤਰੀ ਮੌਜੂਦ ਹਨ ਪਰ ਉਨ੍ਹਾਂ ਵਿਚੋਂ ਸੀਨੀਅਰ ਰਾਜਿੰਦਰ ਕੌਰ ਭੱਠਲ ਦੀ ਜਗ੍ਹਾ ਚਰਨਜੀਤ ਚੰਨੀ ਨੂੰ ਕਾਂਗਰਸ ਵਰਕਿੰਗ ਕਮੇਟੀ ’ਚ ਸ਼ਾਮਲ ਕੀਤਾ ਗਿਆ ਹੈ| ਇਸ ਫ਼ੈਸਲੇ ਨੂੰ ਨਗਰ ਨਿਗਮ ਅਤੇ ਲੋਕ ਸਭਾ ਚੋਣਾਂ ਦੌਰਾਨ ਵੋਟ-ਬੈਂਕ ਨੂੰ ਸਾਧਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਸਕਦਾ ਹੈ|
ਇਸ ਤੋਂ ਪਹਿਲਾਂ ਵੀ ਵਿਧਾਨ ਸਭਾ ਚੋਣਾਂ ਦੌਰਾਨ ਵੀ ਨਵਜੋਤ ਸਿੱਧੂ ਦੇ ਖੁੱਲ੍ਹੇਆਮ ਵਿਰੋਧ ਦੇ ਬਾਵਜੂਦ ਅਨੁਸੂਚਿਤ ਜਾਤੀ ਵੋਟ ਬੈਂਕ ਨੂੰ ਸਾਧਣ ਦੀ ਕਵਾਇਦ ਤਹਿਤ ਚੰਨੀ ਨੂੰ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਦੇ ਬਾਅਦ ਮੁੱਖ ਮੰਤਰੀ ਅਤੇ ਫਿਰ ਪਾਰਟੀ ਦਾ ਚਿਹਰਾ ਬਣਾਇਆ ਗਿਆ ਸੀ, ਜਿਸ ਨਾਲ ਆਮ ਆਦਮੀ ਪਾਰਟੀ ਦੀ ਹਨੇਰੀ ਦੇ ਬਾਵਜੂਦ ਕਾਂਗਰਸ ਨੂੰ ਦੋਆਬਾ ’ਚ ਫ਼ਾਇਦਾ ਹੋਇਆ ਸੀ|

Leave a comment