-ਚੋਣ ਰਣਨੀਤੀ ਤੇ ਇੰਡੀਆ ਦੀ ਮਜ਼ਬੂਤੀ ‘ਤੇ ਹੋਵੇਗੀ ਚਰਚਾ
ਹੈਦਰਾਬਾਦ, 15 ਸਤੰਬਰ (ਪੰਜਾਬ ਮੇਲ)- ਕਾਂਗਰਸ ਦੀ ਨਵੀਂ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਪਹਿਲੀ ਬੈਠਕ ਕੱਲ੍ਹ ਸ਼ਨਿਚਰਵਾਰ ਨੂੰ ਇੱਥੇ ਹੋਵੇਗੀ, ਜਿਸ ਵਿਚ ਵਿਰੋਧੀ ਗਠਜੋੜ ਇੰਡੀਆ ਦੀ ਏਕਤਾ ਨੂੰ ਅੱਗੇ ਵਧਾਉਣ, ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਵਿੱਖ ਦੀ ਰਣਨੀਤੀ, ਆਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਅਤੇ ਹੋਰ ਕਈ ਵਿਸ਼ਿਆਂ ‘ਤੇ ਚਰਚਾ ਕੀਤੀ ਜਾਵੇਗੀ। ਕਾਂਗਰਸ ਨੇ 20 ਅਗਸਤ ਨੂੰ ਆਪਣੀ ਵਰਕਿੰਗ ਕਮੇਟੀ ਦਾ ਪੁਨਰਗਠਨ ਕੀਤਾ ਸੀ, ਜਿਸ ਵਿਚ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਨਾਲ ਸਾਬਕਾ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਰਾਹੁਲ ਗਾਂਧੀ ਸਮੇਤ ਕਈ ਸੀਨੀਅਰ ਨੇਤਾਵਾਂ ਨੂੰ ਸ਼ਾਮਲ ਕੀਤਾ ਗਿਆ ਸੀ। ਵਰਕਿੰਗ ਕਮੇਟੀ ਵਿਚ 39 ਮੈਂਬਰ, 32 ਸਥਾਈ ਇਨਵਾਇਟੀ ਅਤੇ 13 ਵਿਸ਼ੇਸ਼ ਇਨਵਾਇਟੀ ਵੀ ਸ਼ਾਮਲ ਹਨ। ਸਚਿਨ ਪਾਇਲਟ ਅਤੇ ਸ਼ਸ਼ੀ ਥਰੂਰ ਵਰਗੇ ਨੇਤਾਵਾਂ ਨੂੰ ਪਹਿਲੀ ਵਾਰ ਇਸ ਵਰਕਿੰਗ ਕਮੇਟੀ ‘ਚ ਜਗ੍ਹਾ ਮਿਲੀ ਹੈ।