#AMERICA

ਕਰਮਨ ਸ਼ਹਿਰ ਦੇ ਸਾਲਾਨਾ 79ਵੇਂ ਹਾਰਵੈਸਟਰ ਫੈਸਟੀਵਲ ਮੌਕੇ ਪੰਜਾਬੀਆਂ ਕਰਾਈ ਬੱਲੇ-ਬੱਲੇ

ਫਰਿਜ਼ਨੋ, 20 ਸਤੰਬਰ (ਧਾਲੀਆਂ/ਮਾਛੀਕੇ/ਪੰਜਾਬ ਮੇਲ)- ਕਰਮਨ ਸ਼ਹਿਰ ਵਿਖੇ ਹਰ ਸਾਲ ਦੀ ਤਰ੍ਹਾਂ 79ਵੇਂ ”ਹਾਰਵੈਸਟ ਫੈਸਟੀਵਲ” (Harvest Festival) ਦੀ ਸ਼ੁਰੂਆਤ ਹਮੇਸ਼ਾ ਦੀ ਤਰ੍ਹਾਂ ਪਰੇਡ ਨਾਲ ਹੋਈ, ਜਿਸ ਦਾ ਮਾਹੌਲ ਬਿਲਕੁਲ ਭਾਰਤ ਦੀ ਵਿਸਾਖੀ ਦੇ ਮੇਲੇ ਵਰਗਾ ਸੀ। ਬੇਸ਼ੱਕ ਇੱਥੇ ਲੋਕ ਵੱਡੇ ਸ਼ਹਿਰਾਂ ‘ਚ ਰਹਿ ਰਹੇ ਹਨ, ਪਰ ਫਿਰ ਵੀ ਲੋਕ ਆਪਣੀ ਪੱਕੀ ਫਸਲ ਦੀ ਕਟਾਈ ਕਰਨ ਦੀ ਖ਼ੁਸ਼ੀ ਪ੍ਰੰਪਰਾਗਤ ਮੇਲੇ ਦੇ ਰੂਪ ਵਿਚ ਮਨਾਉਂਦੇ ਆ ਰਹੇ ਹਨ, ਜਿਸ ਦੀ ਸ਼ੁਰੂਆਤ ਨਗਰ ਕੀਰਤਨ ਵਾਂਗ ਪਰੇਡ ਨਾਲ ਕੀਤੀ ਜਾਂਦੀ ਹੈ ਅਤੇ ਇਕੱਠ ਵੀ ਅਮਰੀਕਨ ਭਾਈਚਾਰੇ ਦਾ ਬਹੁਤ ਹੁੰਦਾ ਹੈ। ਹਰ ਸਾਲ 50 ਤੋਂ ਵਧੀਕ ਫਲੋਟ ਸਭ ਦੀ ਖਿੱਚ ਦਾ ਕਾਰਨ ਬਣਦੇ ਹਨ। ਇਸ ਤੋਂ ਇਲਾਵਾ ਲੋਕ ਆਪਣੇ ਪੁਰਾਣੇ ਟਰੱਕ, ਟਰੈਕਟਰ, ਕਾਰਾਂ ਅਤੇ ਹੋਰ ਪੁਰਾਤਨ ਸਾਜੋ-ਸਮਾਨ ਦਾ ਵੀ ਲਿਸ਼ਕਾਂ-ਚਮਕਾ ਕੇ ਖੁੱਲ੍ਹਾ ਪ੍ਰਦਰਸ਼ਨ ਕਰਦੇ ਹਨ। ਇਨ੍ਹਾਂ ਫਲੋਟਾਂ ਨੂੰ ਵਧੀਆਂ ਸਜਾਉਣ ਦੇ ਮੁਕਾਬਲੇ ਵੀ ਦਿਲਚਸਪ ਹੁੰਦੇ ਹਨ। ਜਿਸ ਵਿਚ ਜੇਤੂਆਂ ਨੂੰ ਇਨਾਮ ਵੀ ਦਿੱਤੇ ਜਾਂਦੇ ਹਨ। ਸਥਾਨਕ ਲੋਕ ਸੜਕ ਦੇ ਦੋਨੋਂ ਪਾਸੇ ਬੈਠ ਇਸ ਪ੍ਰੰਪਰਾਗਤ ਪਰੇਡ ਦਾ ਖੁੱਲ੍ਹ ਕੇ ਅਨੰਦ ਮਾਣਦੇ ਹਨ ਅਤੇ ਹਿੱਸਾ ਲੈਣ ਵਾਲਿਆਂ ਦੀ ਹੌਂਸਲਾ ਅਫਜ਼ਾਈ ਵੀ ਕਰਦੇ ਹਨ। ਇਸ ਪਰੇਡ ਦੀ ਸਮਾਪਤੀ ਉਪਰੰਤ ਚਾਰ ਦਿਨ ਮੇਲੇ ਦਾ ਲੋਕ ਗੀਤ-ਸੰਗੀਤ, ਖੇਡਾਂ, ਰਾਈਡਾਂ, ਤਰ੍ਹਾਂ-ਤਰ੍ਹਾਂ ਦੇ ਝੂਲਿਆਂ ਅਤੇ ਖਾਣਿਆਂ ਦਾ ਅਨੰਦ ਮਾਣਦੇ ਹਨ।
ਮੇਲੇ ਦੌਰਾਨ ਹਰ ਸਾਲ ਸਟੇਜ ਲੱਗਦੀ ਹੈ, ਜਿੱਥੋਂ ਵੱਖ-ਵੱਖ ਬੁਲਾਰੇ ਜਾਂ ਕਲਾਕਾਰ ਰਿਵਾਇਤੀ ਤੌਰ ‘ਤੇ ਆਪਣੇ ਵਿਚਾਰ ਜਾਂ ਕਲਾ ਦਾ ਖੁੱਲ੍ਹ ਕੇ ਪ੍ਰਦਰਸਨ ਕਰਦੇ ਹਨ। ਇਸੇ ਹੀ ਸਟੇਜ ਤੋਂ ਗਾਇਕੀ ਦਾ ਖੁੱਲ੍ਹਾ ਅਖਾੜਾ ਵੀ ਲੱਗਦਾ ਹੈ, ਜਿਸ ਵਿਚ ਵੱਖ-ਵੱਖ ਭਾਈਚਾਰੇ ਦੇ ਲੋਕ ਆਪਣੀ ਕਲਾ ਦਾ ਖੁੱਲ੍ਹ ਕੇ ਪ੍ਰਗਟਾ ਕਰਦੇ ਹੋਏ, ਦੂਸਰੇ ਭਾਈਚਾਰਿਆਂ ਨਾਲ ਸੱਭਿਆਚਾਰ ਦੀ ਸਾਂਝ ਪਾਉਂਦੇ ਹਨ। ਕਰਮਨ ਸ਼ਹਿਰ ਵਿਚ ਪੰਜਾਬੀ ਭਾਈਚਾਰੇ ਦੀ ਸੰਘਣੀ ਵੱਸੋਂ ਹੈ। ਇਸੇ ਲੜੀ ਤਹਿਤ ਪਹਿਲੀ ਵਾਰ ਕਿਰਨਜੋਤ ਕੌਰ ਢੇਸੀ ਦੇ ਉੱਦਮ ਸਦਕਾ, ਗੁਲਬਿੰਦਰ ਗੈਰੀ ਢੇਸੀ ਅਤੇ ਕੁਲਵੰਤ ਧਾਲੀਆਂ ਨੇ ਪੰਜਾਬੀ ਸੱਭਿਆਚਾਰ ਦੀ ਸਾਂਝ ਪਾਉਂਦਾ ਪ੍ਰੋਗਰਾਮ ਸਟੇਜ ਸਫਲਤਾ ਨਾਲ ਪੇਸ਼ ਕੀਤਾ, ਜਿਸ ਦੀ ਸ਼ੁਰੂਆਤ ਦਿਲਦਾਰ ਮਿਊਜ਼ੀਕਲ ਬ੍ਰਦਰਜ਼ ਗਰੁੱਪ ਕੈਲੀਫੋਰਨੀਆ ਦੇ ਕਲਾਕਾਰ ਅਵਤਾਰ ਗਰੇਵਾਲ, ਰਾਣੀ ਗਿੱਲ, ਕਾਂਤਾ ਸਹੋਤਾ ਨੇ ਕੀਤੀ। ਜਦਕਿ ਬਾਕੀ ਕਲਾਕਾਰਾਂ ਵਿਚ ਪੱਪੀ ਭਦੌੜ, ਜੋਗਿੰਦਰ ਸਿੰਘ ਜੋਗੀ, ਅਮਰੀਕ ਸਿੰਘ ਸੰਗੀਤ ਮਾਸਟਰ, ਗੀਤਕਾਰ ਸਤਵੀਰ ਹੀਰ ਆਦਿਕ ਕਲਾਕਾਰਾਂ ਨੇ ਜਿੱਥੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ, ਉੱਥੇ ਅਮਰੀਕਨਾਂ ਨੂੰ ਵੀ ਨੱਚਣ ਲਾ ਦਿੱਤਾ। ਮੇਲੇ ਦੇ ਪ੍ਰਬੰਧਕਾਂ ਵਿਚੋਂ ਮਿਸ ਸੂਸਨ ਨੇ ਪੰਜਾਬੀ ਭਾਈਚਾਰੇ ਨੂੰ ਅਗਲੇ ਸਾਲ ਦਾ ਸੱਦਾ ਦਿੰਦੇ ਹੋਏ, ਇਸ ਸਫਲ ਪੇਸ਼ਕਾਰੀ ਦੀ ਵਧਾਈ ਵੀ ਦਿੱਤੀ। ਅੰਤ ਆਪਣੀਆਂ ਯਾਦਗਾਰੀ ਪੈੜਾਂ ਛੱਡਦਾ ਹੋਇਆ ਇਹ ਮੇਲਾ ਯਾਦਗਾਰੀ ਹੋ ਨਿਬੜਿਆ।

Leave a comment