#INDIA

ਕਰਨਾਟਕ ਚੋਣਾਂ ‘ਚ 80 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਲਈ ਘਰ ਬੈਠੇ ਵੋਟ ਪਾਉਣ ਦੀ ਸਹੂਲਤ ਹੋਵੇਗੀ ਸ਼ੁਰੂ

ਬੈਂਗਲੁਰੂ, 13 ਮਾਰਚ (ਪੰਜਾਬ ਮੇਲ)- ਚੋਣ ਕਮਿਸ਼ਨ ਨੇ ਕਿਹਾ ਹੈ ਕਿ ਉਸ ਨੇ ਕਰਨਾਟਕ ‘ਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ‘ਚ 80 ਸਾਲ ਤੋਂ ਵੱਧ ਉਮਰ ਦੇ ਅਤੇ ਅਪਾਹਜ ਵਿਅਕਤੀਆਂ ਲਈ ਘਰ ਬੈਠਿਆਂ ਹੀ ਵੋਟ ਪਾਉਣ ਦੀ ਸਹੂਲਤ ਸ਼ੁਰੂ ਕੀਤੀ ਹੈ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਸ਼ਨੀਵਾਰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਚੋਣ ਕਮਿਸ਼ਨ ਪਹਿਲੀ ਵਾਰ 80 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਇਹ ਸਹੂਲਤ ਦੇ ਰਿਹਾ ਹੈ। ਸਾਡੀਆਂ ਟੀਮਾਂ ਫਾਰਮ 12-ਡੀ ਲੈ ਕੇ ਅਜਿਹੇ ਵੋਟਰਾਂ ਕੋਲ ਜਾਣਗੀਆਂ।
ਰਾਜੀਵ ਨੇ ਕਿਹਾ ਕਿ ਉਂਝ ਅਸੀਂ 80 ਸਾਲ ਤੋਂ ਵੱਧ ਉਮਰ ਦੇ ਉਨ੍ਹਾਂ ਲੋਕਾਂ ਜੋ ਇਸ ਸਹੂਲਤ ਦਾ ਲਾਭ ਨਹੀਂ ਲੈਣਾ ਚਾਹੁੰਦੇ, ਨੂੰ ਪੋਲਿੰਗ ਬੂਥ ‘ਤੇ ਆਉਣ ਲਈ ਉਤਸ਼ਾਹਿਤ ਕਰਦੇ ਹਾਂ। ਇਸ ਸਬੰਧੀ ਸੀਕ੍ਰੇਸੀ ਬਣਾਈ ਰੱਖੀ ਜਾਵੇਗੀ। ਸਾਰੀ ਪ੍ਰਕਿਰਿਆ ‘ਤੇ ਨਜ਼ਰ ਰੱਖੀ ਜਾਵੇਗੀ। ਦਿਵਿਆਂਗ ਲੋਕਾਂ ਲਈ ਇਕ ਮੋਬਾਈਲ ਐਪਲੀਕੇਸ਼ਨ ‘ਸਕਸ਼ਮ’ ਲਾਂਚ ਕੀਤੀ ਗਈ ਹੈ, ਜਿਸ ਵਿਚ ਉਹ ਲਾਗ-ਇਨ ਕਰਕੇ ਵੋਟ ਪਾਉਣ ਦੀ ਸਹੂਲਤ ਚੁਣ ਸਕਦੇ ਹਨ।
ਉਨ੍ਹਾਂ ਕਿਹਾ ਕਿ ਇਕ ਹੋਰ ਮੋਬਾਈਲ ਐਪਲੀਕੇਸ਼ਨ ‘ਸੁਵਿਧਾ’ ਵਿਕਸਿਤ ਕੀਤੀ ਗਈ ਹੈ, ਜੋ ਉਮੀਦਵਾਰਾਂ ਲਈ ਨਾਮਜ਼ਦਗੀਆਂ ਅਤੇ ਹਲਫੀਆ ਬਿਆਨ ਦਾਇਰ ਕਰਨ ਲਈ ਇਕ ਆਨਲਾਈਨ ਪੋਰਟਲ ਹੈ। ਉਮੀਦਵਾਰ ਮੀਟਿੰਗਾਂ ਅਤੇ ਰੈਲੀਆਂ ਦੀ ਇਜਾਜ਼ਤ ਲੈਣ ਲਈ ‘ਸੁਵਿਧਾ’ ਪੋਰਟਲ ਦੀ ਵਰਤੋਂ ਕਰ ਸਕਦੇ ਹਨ। ਕਰਨਾਟਕ ਵਿਧਾਨ ਸਭਾ ਚੋਣਾਂ ਦੀ ਸੰਭਾਵਿਤ ਤਰੀਕ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਇਹ 24 ਮਈ ਤੋਂ ਪਹਿਲਾਂ ਹੋਣੀਆਂ ਚਾਹੀਦੀਆਂ ਹਨ। ਉਦੋਂ ਮੌਜੂਦਾ ਵਿਧਾਨ ਸਭਾ ਦਾ ਕਾਰਜਕਾਲ ਖਤਮ ਹੋਣਾ ਹੈ।

Leave a comment