#PUNJAB

ਕਰਤਾਰਪੁਰ ਲਾਂਘਾ : ਪਾਕਿਸਤਾਨ ਵਾਲੇ ਪਾਸੇ ਪੁਲ ਦਾ ਕੰਮ 97 ਫ਼ੀਸਦੀ ਮੁਕੰਮਲ

ਡੇਰਾ ਬਾਬਾ ਨਾਨਕ, 7 ਸਤੰਬਰ (ਪੰਜਾਬ ਮੇਲ)- ਕਰਤਾਰਪੁਰ ਲਾਂਘੇ ਨੇੜਲੇ ਜ਼ੀਰੋ ਲਾਈਨ ‘ਤੇ ਪਾਕਿਸਤਾਨ ਵਾਲੇ ਪਾਸੇ ਪੁਲ ਦਾ ਕੰਮ ਲਗਭਗ ਮੁਕੰਮਲ ਕਰ ਲਿਆ ਗਿਆ ਹੈ, ਜਦਕਿ ਭਾਰਤ ਵੱਲੋਂ ਆਪਣੇ ਹਿੱਸੇ ਦਾ ਪੁਲ ਨਵੰਬਰ 2019 ‘ਚ ਮੁਕੰਮਲ ਕਰ ਲਿਆ ਗਿਆ ਸੀ। ਇਸ ਨਾਲ ਆਉਂਦੇ ਸਮੇਂ ਵਿਚ ਸ਼ਰਧਾਲੂ ਇਸ ਪੁਲ ਰਸਤੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣਗੇ। ਇਸ ਵੇਲੇ ਜ਼ੀਰੋ ਲਾਈਨ ‘ਤੇ ਆ ਕੇ ਮਿਲਦਾ ਦੋਵਾਂ ਦੇਸ਼ਾਂ ਦਾ ਪੁਲ ਮੁਕੰਮਲ ਨਾ ਹੋਣ ਕਾਰਨ ਸ਼ਰਧਾਲੂ ਇਕ ਅਸਥਾਈ ਰਸਤੇ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਂਦੇ ਹਨ।
ਉਧਰ, ਭਾਰਤ-ਪਾਕਿਸਤਾਨ ਆਉਂਦੇ ਦਿਨਾਂ ਵਿਚ ਖੂਬਸੂਰਤ ਦਿੱਖ ਵਾਲਾ ਗੇਟ ਬਣਾਉਣਗੇ, ਜਿਸ ਦੀਆਂ ਤਿਆਰੀਆਂ ਵੀ ਵਿੱਢੀਆਂ ਗਈਆਂ ਹਨ। ਉਂਜ 2019 ਦੇ ਸ਼ੁਰੂਆਤੀ ਦਿਨਾਂ ‘ਚ ਦੋਵਾਂ ਦੇਸ਼ਾਂ ਨੂੰ ਜੋੜਨ ਵਾਲੇ ਇਸ ਪੁਲ ਦੇ ਨਿਰਮਾਣ ਲਈ ਭਾਰਤ-ਪਾਕਿ ਦੇ ਉੱਚ ਅਧਿਕਾਰੀਆਂ ਤੇ ਇੰਜੀਨੀਅਰਾਂ ਦੀਆਂ ਅੱਧੀ ਦਰਜਨ ਦੇ ਕਰੀਬ ਮੀਟਿੰਗਾਂ ਵੀ ਹੋਈਆਂ ਸਨ। ਭਾਰਤ ਵੱਲੋਂ ਆਪਣੇ ਹਿੱਸੇ ਦੇ ਕੌਰੀਡੋਰ ਦਾ ਨਿਰਮਾਣ ਸਾਢੇ ਤਿੰਨ ਕਿਲੋਮੀਟਰ ‘ਚ ਕੀਤਾ ਗਿਆ ਹੈ, ਜਿਸ ‘ਚ ਸੌ ਮੀਟਰ ਲੰਬਾ ਪੁਲ ਵੀ ਸ਼ਾਮਲ ਹੈ। ਪਾਕਿਸਤਾਨ ਨੇ ਆਪਣੇ ਹਿੱਸੇ ਦੇ ਸਾਢੇ ਤਿੰਨ ਸੌ ਮੀਟਰ ਪੁਲ ‘ਚੋਂ 97 ਫੀਸਦੀ ਕੰਮ ਮੁਕੰਮਲ ਕਰ ਲਿਆ ਹੈ। ਹੁਣ ਦੋਵੇਂ ਪੁਲ ਜ਼ੀਰੋ ਲਾਈਨ ‘ਤੇ ਆਪਸ ‘ਚ ਮਿਲ ਚੁੱਕੇ ਹਨ। ਧੁੱਸੀ ਬੰਨ੍ਹ ਤੋਂ ਜਦੋਂ ਪਾਕਿਸਤਾਨ ਵਾਲੇ ਪਾਸੇ ਨਜ਼ਰ ਮਾਰੀ ਜਾਵੇ, ਤਾਂ ਪਾਕਿ ਵੱਲੋਂ 150 ਮੀਟਰ ਦੋ ਮਾਰਗੀ ਤੇ ਬਾਕੀ ਇਕਹਿਰਾ ਰੋਡ ਬਣਾਣਿਆ ਗਿਆ ਹੈ। ਪਾਕਿਸਤਾਨ ਵੱਲੋਂ ਹਾਲੇ ਪੁਲ ਨੂੰ ਅੰਤਿਮ ਛੋਹਾਂ ਦਿੱਤੀਆਂ ਜਾਣੀਆਂ ਹਨ, ਜਿਸ ਨੂੰ ਕੁਝ ਦਿਨ ਹੋਰ ਲੱਗਣ ਦੀ ਆਸ ਹੈ।

Leave a comment