11.3 C
Sacramento
Friday, March 24, 2023
spot_img

ਕਬੱਡੀ ਖਿਡਾਰੀ ਸੰਦੀਪ ਦੇ ਕਤਲ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਅਤੇ ਗਵਾਹਾਂ ਨੂੰ ਸੁਰੱਖਿਆ ਦੇਣ ਦੀ ਮੰਗ

ਯੂਕੇ ਤੋਂ ਆਈ ਮਰਹੂਮ ਸੰਦੀਪ ਦੀ ਵਿਧਵਾ ਨੇ ਵੀ ਪੁਲਿਸ ਦੀ ਕਾਰਵਾਈ ‘ਤੇ ਖੜ੍ਹੇ ਕੀਤੇ ਸਵਾਲ
ਚੰਡੀਗੜ੍ਹ, 17 ਮਾਰਚ (ਪੰਜਾਬ ਮੇਲ)- ਜਲੰਧਰ ਦੇ ਪਿੰਡ ਮੱਲੀਆਂ ਵਿਖੇ ਕਬੱਡੀ ਮੇਲੇ ਦੌਰਾਨ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਤੇ ਪ੍ਰਮੋਟਰ ਸੰਦੀਪ ਸਿੰਘ ਉਰਫ ਨੰਗਲ ਅੰਬੀਆਂ ਦੀ ਕੁਝ ਵਿਅਕਤੀਆਂ ਵੱਲੋਂ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਕਤਲ ਕੇਸ ਵਿੱਚ ਜਿਨ੍ਹਾਂ ਵਿਅਕਤੀਆਂ ਨੂੰ ਮੁਲਜ਼ਮ ਬਣਾਇਆ ਗਿਆ ਹੈ, ਉਨ੍ਹਾਂ ਨੂੰ ਪੁਲਸ ਵੱਲੋਂ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ, ਜਿਸ ’ਤੇ ਸੰਦੀਪ ਦੀ ਵਿਧਵਾ ਰੁਪਿੰਦਰ ਕੌਰ ਸੰਧੂ ਨੇ ਪੁਲਸ ਦੀ ਕਾਰਵਾਈ ’ਤੇ ਸਵਾਲ ਉਠਾਏ ਹਨ। ਯੂਕੇ ਤੋਂ ਇਨਸਾਫ਼ ਦੀ ਗੁਹਾਰ ਲਾਉਣ ਆਈ ਰੁਪਿੰਦਰ ਕੌਰ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਕਤਲ ਦੇ ਸਾਜ਼ਿਸ਼ਕਾਰ ਸ਼ਰੇਆਮ ਘੁੰਮ ਰਹੇ ਹਨ ਪਰ ਪੁਲਸ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ। ਉਸ ਨੇ ਕਿਹਾ ਕਿ ਉਹ ਪੰਜਾਬ ਦੇ ਪੁਲਸ ਪਰਮੁੱਖ ਨੂੰ ਕਈ ਪੱਤਰ ਲਿਖ ਕੇ ਇਨਸਾਫ਼ ਦੀ ਮੰਗ ਕਰ ਚੁੱਕੀ ਹੈ, ਇੱਥੋਂ ਤੱਕ ਕਿ ਮੁਲਜ਼ਮਾਂ ਦਾ ਪਤਾ ਵੀ ਦੱਸ ਚੁੱਕੀ ਹੈ ਪਰ ਹਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ।
ਰੁਪਿੰਦਰ ਕੌਰ ਨੇ ਸੰਦੀਪ ਦੇ ਕਤਲ ਦੇ ਗਵਾਹਾਂ ਦੀ ਜਾਨ ਨੂੰ ਵੀ ਖਤਰਾ ਜ਼ਾਹਰ ਕੀਤਾ ਹੈ ਅਤੇ ਉਨ੍ਹਾਂ ਸਾਰੇ ਗਵਾਹਾਂ ਨੂੰ ਸੁਰੱਖਿਆ ਦੇਣ ਦੀ ਮੰਗ ਕੀਤੀ ਹੈ, ਜਿਨ੍ਹਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਸੰਦੀਪ ਦੀ ਕਬੱਡੀ ਟੀਮ ਦੇ ਕਪਤਾਨ ਅਤੇ ਲੀਗ ਕਬੱਡੀ ਫੈਡਰੇਸ਼ਨ ਦੇ ਮੈਂਬਰ ਸੁਲਤਾਨ ਸਿੰਘ ਨੇ ਫੇਸਬੁੱਕ ’ਤੇ ਕਬੱਡੀ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਫੈਡਰੇਸ਼ਨ ਵਿੱਚ ਹੋ ਰਹੇ ਘੁਟਾਲਿਆਂ ਅਤੇ ਕਬੱਡੀ ਦੀ ਆੜ ਵਿੱਚ ਚੱਲ ਰਹੇ ਗੋਰਖ ਧੰਦੇ ਦਾ ਖੁਲਾਸਾ ਕਰਦਿਆਂ ਕਬੱਡੀ ਨੂੰ ਸਾਫ਼-ਸੁਥਰਾ ਬਣਾਉਣ ਵਿੱਚ ਸਹਿਯੋਗ ਮੰਗਿਆ, ਜਿਸ ਤੋਂ ਬਾਅਦ ਸੁਲਤਾਨ ਨੂੰ ਧਮਕੀ ਵੀ ਦਿੱਤੀ ਸੀ ਕਿ ਉਸ ਨੇ ਹੀ ਸੰਦੀਪ ਨੂੰ ਮਾਰਿਆ ਹੈ ਅਤੇ ਜੇਕਰ ਭਵਿੱਖ ‘ਚ ਕਿਸੇ ਨੇ ਉਸ ਦੇ ਕੰਮ ਜਾਂ ਫੈਡਰੇਸ਼ਨ ‘ਚ ਦਖਲਅੰਦਾਜ਼ੀ ਕੀਤੀ ਤਾਂ ਉਸ ਦਾ ਵੀ ਇਹੀ ਹਾਲ ਸੰਦੀਪ ਨਾਲ ਹੋਇਆ ਸੀ। ਰੁਪਿੰਦਰ ਕੌਰ ਵੱਲੋਂ ਉਕਤ ਫੇਸਬੁੱਕ ਦਾ ਸਕਰੀਨ ਸ਼ਾਟ ਵੀ ਪੁਲਸ ਮੁਖੀ ਨੂੰ ਸ਼ਿਕਾਇਤ ਦੇ ਕੇ ਭੇਜਿਆ ਗਿਆ ਸੀ, ਪਰ ਕੁਝ ਨਹੀਂ ਹੋਇਆ।
ਰੁਪਿੰਦਰ ਕੌਰ ਨੇ ਕਿਹਾ ਕਿ ਉਸ ਦੇ ਪਤੀ ਦਾ ਕਤਲ ਕਰਨ ਵਾਲੇ ਬਹੁਤ ਤਾਕਤਵਰ ਹਨ, ਜਿਨ੍ਹਾਂ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ, ਜੋ ਕਿਸੇ ਨੂੰ ਵੀ ਸੁਪਾਰੀ ਕਿਲਰ ਕਹਿ ਕੇ ਛੁਪਾ ਸਕਦੇ ਹਨ।ਰੁਪਿੰਦਰ ਕੌਰ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਵਿੱਚ ਪੁਲਿਸ ਦੇ ਉੱਚ ਅਧਿਕਾਰੀ ਦੀ ਨਿਗਰਾਨੀ ਵਿੱਚ ਐਸਆਈਟੀ ਦਾ ਗਠਨ ਕੀਤਾ ਜਾਵੇ ਅਤੇ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।
ਰੁਪਿੰਦਰ ਕੌਰ ਨੇ ਕਤਲ ਦੇ ਗਵਾਹ ਹਾਕਮ ਸਿੰਘ, ਪ੍ਰੀਤਮ ਸਿੰਘ, ਇੰਦਰਪਾਲ ਸਿੰਘ ਅਤੇ ਸੋਹਣ ਸਿੰਘ ਨੂੰ ਤੁਰੰਤ ਸੁਰੱਖਿਆ ਦੇਣ ਦੀ ਮੰਗ ਕਰਦਿਆਂ ਐਫਆਈਆਰ ਵਿੱਚ ਸ਼ਾਮਲ ਸਾਰੇ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਐਫਆਈਆਰ ਵਿੱਚ ਸੁਰਜਨ ਸਿੰਘ ਚੱਠਾ, ਸਨੋਵਰ ਢਿੱਲੋਂ, ਸਰਬਜੀਤ ਸਿੰਘ, ਸੁਖਵਿੰਦਰ ਸਿੰਘ ਤੇ ਹੋਰਾਂ ਨੂੰ ਨਾਮਜ਼ਦ ਕੀਤਾ ਗਿਆ ਸੀ।
ਰੁਪਿੰਦਰ ਕੌਰ ਦੇ ਨਾਲ ਉਨ੍ਹਾਂ ਦੇ ਵਕੀਲ ਵੀ ਸਨ, ਜਿਨ੍ਹਾਂ ਨੇ ਕਿਹਾ ਕਿ ਉਹ ਸੰਦੀਪ ਸਿੰਘ ਦੇ ਕਤਲ ਦੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ‘ਚ ਲਿਆਉਣ ਲਈ ਸੰਦੀਪ ਸਿੰਘ ਦੇ ਪਰਿਵਾਰ ਦੇ ਨਾਲ ਹਨ ਅਤੇ ਇਨਸਾਫ਼ ਲਈ ਹਰ ਸੰਭਵ ਕਾਨੂੰਨੀ ਕਦਮ ਚੁੱਕਣਗੇ।

Related Articles

Stay Connected

0FansLike
3,747FollowersFollow
20,700SubscribersSubscribe
- Advertisement -spot_img

Latest Articles