ਮੋਗਾ, 23 ਜੂਨ (ਪੰਜਾਬ ਮੇਲ)- ਮੋਗਾ ਦੇ ਬੱਧਣੀ ਕਲਾ ‘ਚ ਬੀਤੀ ਰਾਤ ਘਰ ਅੰਦਰ ਦਾਖਲ ਹੋ ਕੇ ਉੱਘੇ ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ ਅਤੇ ਉਸ ਦੀ ਮਾਂ ਹੋਏ ਜਾਨਲੇਵਾ ਹਮਲੇ ਦੇ ਮਾਮਲੇ ਵਿਚ ਵੱਡਾ ਖ਼ੁਲਾਸਾ ਹੋਇਆ ਹੈ। ਇਸ ਘਟਨਾ ਦੇ ਸਾਹਮਣੇ ਆਏ ਸੱਚ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਪੁਲਿਸ ਮੁਤਾਬਕ ਕੁਲਵਿੰਦਰ ਕਿੰਦਾ ਨੇ ਹੀ ਆਪਣੀ ਮਾਂ ‘ਤੇ ਹਮਲਾ ਕੀਤਾ ਸੀ, ਜਿਸ ਵਿਚ ਉਹ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਲੁਧਿਆਣਾ ਦੇ ਡੀ.ਐੱਮ.ਸੀ. ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਕੁਲਵਿੰਦਰ ਸਿੰਘ ਉਰਫ ਕਿੰਦਾ ਪੁੱਤਰ ਹਰਭਜਨ ਸਿੰਘ ਵਾਸੀ ਬੱਧਨੀ ਕਲਾਂ ਕਬੱਡੀ ਦਾ ਖਿਡਾਰੀ ਹੈ। ਜਿਸ ਨੇ ਬੁੱਧਵਾਰ ਦੇਰ ਰਾਤ 11:00 ਵਜੇ ਆਪਣੀ ਫੇਸਬੁੱਕ ਪੇਜ਼ ‘ਤੇ ਲਾਈਵ ਹੋ ਕੇ ਰੋਂਦਿਆਂ ਕਿਹਾ ਕਿ ਅਮਨ ਲੋਪੋ, ਖਹਿਰਾ ਰਾਊਕੇ ਅਤੇ ਸੁੱਖਾ ਲੋਪੋ ਨੇ ਸੱਟਾਂ ਮਾਰ ਕੇ ਉਸ ਦੀ ਮਾਤਾ ਨੂੰ ਮਾਰ ਦਿੱਤਾ ਹੈ। ਕਬੱਡੀ ਖੇਡ ਵਿਚ ਰੰਜ਼ਿਸ਼ਬਾਜ਼ੀ ਰੱਖਦੇ ਹੋਏ ਇਨ੍ਹਾਂ ਨੇ ਇਹ ਕਾਰਾ ਕੀਤਾ ਹੈ ਤੇ ਜ਼ਖਮੀ ਹੋਈ ਆਪਣੀ ਮਾਤਾਂ ਦੀਆ ਤਸਵੀਰਾਂ ਦਿਖਾ ਰਿਹਾ ਸੀ। ਇਸ ਸਬੰਧੀ ਥਾਣਾ ਬੱਧਨੀ ਕਲਾਂ ਦੀ ਪੁਲਿਸ ਪਾਰਟੀ ਘਟਨਾ ਸਥਾਨ ‘ਤੇ ਅਤੇ ਜ਼ਖਮੀ ਔਰਤ ਰਛਪਾਲ ਕੌਰ ਨੂੰ ਮੁੱਢਲੀ ਸਹਾਇਤਾ ਲਈ ਸਿਵਲ ਹਸਪਤਾਲ ਮੋਗਾ ਤੇ ਬਾਅਦ ਵਿਚ ਡੀ.ਐੱਮ. ਸੀ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ।
ਰਛਪਾਲ ਕੌਰ ਨੇ ਪੁਲਿਸ ਕੋਲ ਬਿਆਨ ਲਿਖਾਇਆ ਕਿ ਬੁੱਧਵਾਰ ਨੂੰ ਵਕਤ ਕਰੀਬ 10 ਵਜੇ ਰਾਤ 02 ਅਣਪਛਾਤੇ ਦੋਸ਼ੀਆਂ ਨੇ ਘਰ ਵਿਚ ਦਾਖਲ ਹੋ ਕੇ ਕਾਪਿਆਂ ਦੇ ਵਾਰ ਕਰਕੇ ਉਸ ਨੂੰ ਬੁਰੀ ਤਰਾਂ ਜ਼ਖਮੀ ਕਰ ਦਿੱਤਾ। ਇਸ ਸਬੰਧੀ ਅਣਪਛਾਤਿਆਂ ਖ਼ਿਲਾਫ ਥਾਣਾ ਬੱਧਨੀ ਕਲਾਂ ‘ਚ ਮਾਮਲਾ ਦਰਜ ਕੀਤਾ ਗਿਆ।
ਮਨਜੀਤ ਸਿੰਘ ਪੀ.ਪੀ.ਐੱਸ. ਉਪ ਕਪਤਾਨ ਪੁਲਿਸ ਨਿਹਾਲ ਸਿੰਘ ਵਾਲਾ, ਇੰਸ. ਪ੍ਰਤਾਪ ਸਿੰਘ ਮੁੱਖ ਅਫਸਰ ਥਾਣਾ ਬੱਧਨੀ ਕਲਾਂ ਅਤੇ ਸ: ਥ: ਪ੍ਰੀਤਮ ਸਿੰਘ ਥਾਣਾ ਬੱਧਨੀ ਕਲਾਂ ਨੇ ਮੁਕੱਦਮਾ ਦੀ ਡੂੰਘਾਈ ਨਾਲ ਤਫਤੀਸ਼ ਅਮਲ ਵਿਚ ਲਿਆਂਦੀ। ਮੁੱਢਲੀ ਤਫਤੀਸ਼ ਤੋਂ ਪਾਇਆ ਗਿਆ ਕਿ ਕੋਈ ਵੀ ਵਿਅਕਤੀ ਕੁਲਵਿੰਦਰ ਸਿੰਘ ਕਿੰਦਾ ਦੇ ਘਰ ਦਾਖਲ ਨਹੀਂ ਹੋਇਆ। ਪੁਲਿਸ ਦੀ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਕਿ ਕੁਲਵਿੰਦਰ ਸਿੰਘ ਉਰਫ ਕਿੰਦਾ ਆਪਣੀ ਮਾਤਾ ਦੇ ਚਰਿੱਤਰ ‘ਤੇ ਸ਼ੱਕ ਕਰਦਾ ਸੀ, ਜਿਸ ਨੇ ਮਿਤੀ 21.06.2023 ਨੂੰ ਚਿਕਨ ਕਾਰਨਰ ਮੇਨ ਰੋਡ ਬੱਧਨੀ ਕਲਾਂ ਤੋਂ ਮੀਟ ਕੱਟਣ ਵਾਲਾ ਲੋਹਾ ਦਾ ਕਾਪਾ ਚੁੱਕ ਕੇ, ਉਸ ਕਾਪੇ ਨਾਲ ਖੁਦ ਹੀ ਆਪਣੀ ਮਾਤਾ ਨੂੰ ਸੱਟਾਂ ਮਾਰੀਆਂ ਹਨ। ਕੁਲਵਿੰਦਰ ਸਿੰਘ ਉਰਫ ਕਿੰਦਾ ਨੇ ਆਪਣੀ ਨਿੱਜੀ ਰੰਜਿਸ਼ ਕਰਕੇ ਉਕਤ ਵਿਅਕਤੀਆਂ) ਹਰਪ੍ਰੀਤ ਸਿੰਘ ਖਹਿਰਾ ਵਾਸੀ ਪਿੰਡ ਰਾਊਕੇ ਕਲਾਂ, ਅਮਨਦੀਪ ਸਿੰਘ ਉਰਫ ਅਮਨਾ ਵਾਸੀ ਲੋਪੋ, ਸੁਖਜਿੰਦਰ ਸਿੰਘ ਉਰਫ ਸੁੱਖਾ ਵਾਸੀ ਲੋਪੋ ਦਾ ਨਾਮ ਲਿਆ ਸੀ। ਕੁਲਵਿੰਦਰ ਸਿੰਘ ਉਰਫ ਕਿੰਦਾ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਿਸ ਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਜਿਸ ਤੋਂ ਹੋਰ ਪੁੱਛ ਕੀਤੀ ਜਾਵੇਗੀ।