-ਕੰਪਿਊਟਰ ਤੇ ਮੁਲਾਜ਼ਮਾਂ ਦੇ ਨਿੱਜੀ ਸੈਲਫੋਨ ਕੀਤੇ ਜ਼ਬਤ
ਸੈਕਰਾਮੈਂਟੋ, 14 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਪੁਲਿਸ ਵੱਲੋਂ ਕੇਂਦਰੀ ਕਨਸਾਸ ਵਿਚ ਇਕ ਸਥਾਨਕ ਅਖ਼ਬਾਰ ਦੇ ਦਫਤਰ ਵਿਚ ਛਾਪਾ ਮਾਰਨ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਖ਼ਬਾਰੀ ਅਦਾਰੇ ਦੇ ਕੰਪਿਊਟਰ ਤੇ ਮੁਲਾਜ਼ਮਾਂ ਦੇ ਨਿੱਜੀ ਸੈਲਫੋਨ ਜ਼ਬਤ ਕਰ ਲਏ ਗਏ ਹਨ। ‘ਮੈਰੀਆਨ ਕਾਊਂਟੀ ਰਿਕਾਰਡ’ ਦੇ ਮਾਲਕ ਤੇ ਪ੍ਰਕਾਸ਼ਕ ਏਰਿਕ ਮੇਅਰ ਨੇ ਕਿਹਾ ਹੈ ਕਿ ਪੁਲਿਸ ਤੇ ਦੋ ਸ਼ੈਰਿਫ ਡਿਪਟੀ ਉਨ੍ਹਾਂ ਕੋਲ ਮੌਜੂਦ ਹਰ ਚੀਜ਼ ਲੈ ਗਏ ਹਨ। ਮੇਅਰ ਜਿਸ ਨੇ 20 ਸਾਲ ਮਿਲਵਾਕੀ ਰਸਾਲੇ ਵਿਚ ਕੰਮ ਕੀਤਾ ਹੈ ਤੇ ਯੂਨੀਵਰਸਿਟੀ ਆਫ ਇਲੀਨੋਇਸ ਵਿਚ ਪੱਤਰਕਾਰੀ ਬਾਰੇ ਪੜ੍ਹਾਇਆ ਹੈ, ਨੇ ਕਿਹਾ ਕਿ ਉਸ ਨੇ ਅੱਜ ਤੱਕ ਪੁਲਿਸ ਦੁਆਰਾ ਅਖਬਾਰੀ ਅਦਾਰੇ ‘ਤੇ ਛਾਪਾ ਮਾਰਨ ਬਾਰੇ ਨਹੀਂ ਸੁਣਿਆ। ਪੁਲਿਸ ਦੀ ਇਸ ਕਾਰਵਾਈ ਨੂੰ ਮੀਡੀਆ ਹਲਕਿਆਂ ਨੇ ਸੰਘੀ ਨਿਯਮਾਂ ਦੀ ਉਲੰਘਣਾ ਕਰਾਰ ਦਿੱਤਾ ਹੈ। ਨਿਊਜ਼ ਸਾਈਟ ਕਨਸਾਸ ਰਿਫਲੈਕਟਰ ਵੱਲੋਂ ਪੋਸਟ ਕੀਤੇ ਸਰਚ ਵਾਰੰਟਾਂ ਉਪਰ ਮੈਰੀਆਨ ਕਾਊਂਟੀ ਡਿਸਟ੍ਰਿਕਟ ਕੋਰਟ ਜੱਜ ਲੌਰਾ ਵਿਆਰ ਦੇ ਦਸਤਖਤ ਹਨ। ਕਨਸਾਸ ਰਿਫਲੈਕਟਰ ਅਨੁਸਾਰ ਲੱਗਦਾ ਹੈ ਕਿ ਜੱਜ ਨੇ ਸੰਘੀ ਨਿਯਮਾਂ ਦੀ ਉਲੰਘਣਾ ਕੀਤੀ ਹੈ, ਜੋ ਨਿਯਮ ਤਲਾਸ਼ੀ ਤੇ ਸਮੱਗਰੀ ਜ਼ਬਤ ਕਰਨ ਦੇ ਮਾਮਲੇ ‘ਚ ਪੱਤਰਕਾਰਾਂ ਦੀ ਰਾਖੀ ਕਰਦੇ ਹਨ।