ਨੈਨੀਤਾਲ (ਉੱਤਰਾਖੰਡ), 22 ਜੁਲਾਈ (ਪੰਜਾਬ ਮੇਲ)- ਉੱਤਰਾਖੰਡ ਹਾਈ ਕੋਰਟ ਨੇ ਕਿਹਾ ਹੈ ਕਿ ਬਲਾਤਕਾਰ ਦੀ ਸਜ਼ਾ ਦੇਣ ਵਾਲੇ ਕਾਨੂੰਨ ਦੀ ਔਰਤਾਂ ਵੱਲੋਂ ਅੱਜਕੱਲ੍ਹ ਮਰਦ ਸਾਥੀ ਨਾਲ ਮਤਭੇਦ ਹੋਣ ‘ਤੇ ਹਥਿਆਰ ਵਜੋਂ ਦੁਰਵਰਤੋਂ ਕੀਤੀ ਜਾ ਰਹੀ ਹੈ। ਜਸਟਿਸ ਸ਼ਰਦ ਕੁਮਾਰ ਸ਼ਰਮਾ ਨੇ ਇਹ ਟਿੱਪਣੀ 5 ਜੁਲਾਈ ਨੂੰ ਉਸ ਵਿਅਕਤੀ ਵਿਰੁੱਧ ਅਪਰਾਧਿਕ ਕਾਰਵਾਈ ਨੂੰ ਰੱਦ ਕਰਦੇ ਹੋਏ ਕੀਤੀ ਸੀ, ਜਿਸ ‘ਤੇ ਔਰਤ ਵੱਲੋਂ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਬਲਾਤਕਾਰ ਦਾ ਦੋਸ਼ ਲਗਾਇਆ ਗਿਆ ਸੀ। ਉਹ 2005 ਤੋਂ ਸਹਿਮਤੀ ਨਾਲ ਸਬੰਧ ਬਣਾ ਰਹੇ ਸਨ। ਜੱਜ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਵੀ ਵਾਰ-ਵਾਰ ਦੁਹਰਾਇਆ ਹੈ ਕਿ ਬਾਲਗਾਂ ਵਿਚਕਾਰ ਸਹਿਮਤੀ ਨਾਲ ਸਰੀਰਕ ਸਬੰਧਾਂ ਨੂੰ ਬਲਾਤਕਾਰ ਨਹੀਂ ਕਿਹਾ ਜਾ ਸਕਦਾ, ਚਾਹੇ ਕਿਸੇ ਧਿਰ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਉੱਤਰਾਖੰਡ ਹਾਈ ਕੋਰਟ ਨੇ ਟਿੱਪਣੀ ਕੀਤੀ ਕਿ ਔਰਤਾਂ ਆਪਣੇ ਪੁਰਸ਼ ਹਮਰੁਤਬਾ ਵਿਰੁੱਧ ਕਈ ਕਾਰਨ ਕਰਕੇ ਆਈ.ਪੀ.ਸੀ. ਦੀ ਧਾਰਾ 376 ਦੀ ਦੁਰਵਰਤੋਂ ਕਰ ਰਹੀਆਂ ਹਨ। ਔਰਤ ਨੇ 30 ਜੂਨ 2020 ਨੂੰ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਮੁਲਜ਼ਮ 2005 ਤੋਂ ਉਸ ਨਾਲ ਸਹਿਮਤੀ ਨਾਲ ਸਰੀਰਕ ਸਬੰਧ ਬਣਾ ਰਿਹਾ ਸੀ। ਦੋਵਾਂ ਨੇ ਇੱਕ ਦੂਜੇ ਨਾਲ ਵਾਅਦਾ ਕੀਤਾ ਸੀ ਕਿ ਦੋਵਾਂ ਵਿਚੋਂ ਕਿਸੇ ਨੂੰ ਨੌਕਰੀ ਮਿਲਦੇ ਹੀ ਉਹ ਵਿਆਹ ਕਰਵਾ ਲੈਣਗੇ ਪਰ ਮੁਲਜ਼ਮ ਨੇ ਬਾਅਦ ਵਿਚ ਕਿਸੇ ਹੋਰ ਔਰਤ ਨਾਲ ਵਿਆਹ ਕਰ ਲਿਆ ਅਤੇ ਉਸ ਤੋਂ ਬਾਅਦ ਵੀ ਉਨ੍ਹਾਂ ਦਾ ਸਬੰਧ ਜਾਰੀ ਰਿਹਾ।