#AMERICA

ਓਹਾਇਓ ‘ਚ 2 ਸਾਲਾ ਬੱਚੇ ਵੱਲੋਂ ਗਲਤੀ ਨਾਲ ਆਪਣੀ 8 ਮਹੀਨਿਆਂ ਦੀ ਗਰਭਵਤੀ ਮਾਂ ਦਾ ਗੋਲੀ ਮਾਰ ਕੇ ਕਤਲ

ਵਾਸ਼ਿੰਗਟਨ, 23 ਜੂਨ (ਪੰਜਾਬ ਮੇਲ)- ਅਮਰੀਕਾ ਦੇ ਓਹੀਓ ਸੂਬੇ ਵਿੱਚ 2 ਸਾਲ ਦੇ ਇਕ ਬੱਚੇ ਨੇ ਗ਼ਲਤੀ ਨਾਲ ਆਪਣੀ 8 ਮਹੀਨਿਆਂ ਦੀ ਗਰਭਵਤੀ ਮਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਸੀ.ਐੱਨ.ਐੱਨ. ਨੇ ਵੀਰਵਾਰ ਸ਼ਾਮ ਨੂੰ ਇਕ ਬਿਆਨ ਵਿਚ ਦੱਸਿਆ ਕਿ ਨੌਰਵਾਕ ਪੁਲਿਸ ਵਿਭਾਗ ਨੂੰ 31 ਸਾਲਾ ਪੀੜਤਾ ਲੌਰਾ ਇਲਗ ਤੋਂ ਇੱਕ ਐਮਰਜੈਂਸੀ ਕਾਲ ਪ੍ਰਾਪਤ ਹੋਈ, ਜਿਸ ਨੇ ਕਿਹਾ ਕਿ ਉਸਨੂੰ ”ਉਸਦੇ 2 ਸਾਲ ਦੇ ਪੁੱਤ ਵੱਲੋਂ ਪਿੱਠ ਵਿਚ ਗੋਲੀ ਮਾਰ ਦਿੱਤੀ ਗਈ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਉਸਨੇ ਇਹ ਵੀ ਦੱਸਿਆ ਕਿ ਉਹ 8 ਮਹੀਨਿਆਂ ਦੀ ਗਰਭਵਤੀ ਹੈ।
ਕੁਝ ਪਲਾਂ ਬਾਅਦ ਉਸ ਦੇ ਪਤੀ ਨੇ 911 ‘ਤੇ ਕਾਲ ਕੀਤੀ ਅਤੇ ਕਿਹਾ ਕਿ ਉਸਨੂੰ ਉਸਦੀ ਪਤਨੀ ਦਾ ਫੋਨ ਆਇਆ ਉਹ ਮੇਰੇ ਬੇਟੇ ਬਾਰੇ ਕੁਝ ਕਹਿ ਰਹੀ ਸੀ। ਸੀ.ਐੱਨ.ਐੱਨ. ਦੀ ਰਿਪੋਰਟ ਅਨੁਸਾਰ, ਅਧਿਕਾਰੀ ਘਰ ਪਹੁੰਚੇ ਅਤੇ ਇੱਕ ਬੰਦ ਦਰਵਾਜ਼ੇ ਰਾਹੀਂ ਜ਼ਬਰਦਸਤੀ ਅੰਦਰ ਦਾਖ਼ਲ ਹੋਏ। ਬਿਆਨ ਦੇ ਅਨੁਸਾਰ ਮਾਂ ਅਤੇ ਉਸ ਦਾ ਪੁੱਤਰ ਇੱਕ ਪਿਸਤੌਲ ਦੇ ਨਾਲ ਉੱਪਰਲੇ ਬੈੱਡਰੂਮ ਵਿਚ ਮਿਲੇ। ਅਧਿਕਾਰੀਆਂ ਦੇ ਅਨੁਸਾਰ, ਔਰਤ ਹੋਸ਼ ਵਿਚ ਸੀ ਅਤੇ ਉਸਨੇ ਅਧਿਕਾਰੀਆਂ ਨੂੰ ਘਟਨਾ ਦੀ ਪੂਰੀ ਜਾਣਕਾਰੀ ਦਿੱਤੀ।
ਫਿਰ ਉਸ ਨੂੰ ਮੈਡੀਕਲ ਸੈਂਟਰ ਲਿਜਾਇਆ ਗਿਆ, ਜਿੱਥੇ ਐਮਰਜੈਂਸੀ ਸੀ-ਸੈਕਸ਼ਨ ਕੀਤਾ ਗਿਆ ਪਰ ਨਵਜਨਮੇ ਬੱਚੇ ਨੂੰ ਨਹੀਂ ਬਚਾਇਆ ਜਾ ਸਕਿਆ। ਇਸ ਤੋਂ ਕੁੱਝ ਘੰਟਿਆਂ ਬਾਅਦ ਮਾਂ ਦੀ ਵੀ ਮੌਤ ਹੋ ਗਈ। ਸੀ.ਐੱਨ.ਐੱਨ. ਨੇ ਪੁਲਿਸ ਦੇ ਹਵਾਲੇ ਨਾਲ ਕਿਹਾ ਕਿ ਹਥਿਆਰ ਘਰ ਤੋਂ ਜ਼ਬਤ ਕੀਤਾ ਗਿਆ ਹੈ ਅਤੇ ਕਿਹਾ ਕਿ ਪਿਸਤੌਲ ਦੀ ਮੈਗਜ਼ੀਨ 12 ਰਾਉਂਡ ਨਾਲ ਭਰੀ ਹੋਈ ਸੀ। ਉਨ੍ਹਾਂ ਨੇ ਬੈੱਡਰੂਮ ਦੀ ਅਲਮਾਰੀ ਵਿਚ 6 ਰਾਉਂਡ ਦੇ ਨਾਲ ਇੱਕ ਮੋਸਬਰਗ 12-ਗੇਜ ਸ਼ਾਟਗਨ ਅਤੇ ਕੰਪਿਊਟਰ ਰੂਮ ਦੀ ਅਲਮਾਰੀ ਵਿਚ ਇੱਕ ਏਅਰਸੋਫਟ ਰਾਈਫਲ ਵੀ ਬਰਾਮਦ ਕੀਤੀ। ਪੁਲਿਸ ਨੇ ਦੱਸਿਆ ਕਿ ਜਾਂਚ ਜਾਰੀ ਹੈ।

Leave a comment