#INDIA

ਓਬਾਮਾ ਦੇ ਬਿਆਨ ਬਾਰੇ ਟਵੀਟ ‘ਤੇ ਸਰਮਾ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ

ਨਵੀਂ ਦਿੱਲੀ, 28 ਜੂਨ (ਪੰਜਾਬ ਮੇਲ)- ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਭਾਰਤ ‘ਚ ਘੱਟਗਿਣਤੀਆਂ ਲਈ ਕਥਿਤ ਤੌਰ ‘ਤੇ ਖ਼ਤਰਾ ਪੈਦਾ ਹੋਣ ਬਾਰੇ ਦਿੱਤੇ ਬਿਆਨ ‘ਤੇ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਅਸਾਮ ਪੁਲਿਸ ਵੱਲੋਂ ਸਾਬਕਾ ਰਾਸ਼ਟਰਪਤੀ ਨੂੰ ਗ੍ਰਿਫ਼ਤਾਰ ਕਰਨ ਲਈ ਅਮਰੀਕਾ ਜਾਣ ਬਾਰੇ ਚੱਲ ਰਹੀ ਇਕ ਸੋਸ਼ਲ ਮੀਡੀਆ ਪੋਸਟ ‘ਤੇ ਬੋਲਦਿਆਂ ਸ਼ਰਮਾ ਨੇ ਕਿਹਾ ਕਿ ‘ਭਾਰਤ ਵਿਚ ਹੀ ਕਈ ਹੁਸੈਨ ਓਬਾਮਾ ਹਨ’ ਤੇ ਉਨ੍ਹਾਂ ਦੀ ਤਰਜੀਹ ਉਨ੍ਹਾਂ ਨਾਲ ਨਜਿੱਠਣਾ ਹੈ। ਉਨ੍ਹਾਂ ਕਿਹਾ ਕਿ ਅਸਾਮ ਪੁਲਿਸ ਆਪਣੀ ਤਰਜੀਹ ਮੁਤਾਬਕ ਕਾਰਵਾਈ ਕਰੇਗੀ। ਇਕ ਪ੍ਰਮੁੱਖ ਪੱਤਰਕਾਰ ਦੀ ਟਵਿੱਟਰ ਪੋਸਟ ਨੂੰ ਸ਼ੇਅਰ ਕਰਦਿਆਂ ਭਾਜਪਾ ਆਗੂ ਨੇ ਟਵੀਟ ਕੀਤਾ, ‘ਭਾਰਤ ਵਿਚ ਹੀ ਕਈ ਹੁਸੈਨ ਓਬਾਮਾ ਹਨ। ਸਾਨੂੰ ਵਾਸ਼ਿੰਗਟਨ ਜਾਣ ‘ਤੇ ਵਿਚਾਰ ਕਰਨ ਤੋਂ ਪਹਿਲਾਂ ਉਨ੍ਹਾਂ ਦਾ ਧਿਆਨ ਰੱਖਣ ‘ਤੇ ਜ਼ੋਰ ਦੇਣਾ ਪਏਗਾ।’ ਟਵਿੱਟਰ ਪੋਸਟ ਵਿਚ ਪੁੱਛਿਆ ਗਿਆ ਸੀ ਕਿ ਕੀ ਅਸਾਮ ਪੁਲਿਸ ਸਾਬਕਾ ਅਮਰੀਕੀ ਰਾਸ਼ਟਰਪਤੀ ਨੂੰ ਗ੍ਰਿਫ਼ਤਾਰ ਕਰਨ ਲਈ ਅਮਰੀਕਾ ਜਾਵੇਗੀ।’ ਪੱਤਰਕਾਰ ਨੇ ਪੁੱਛਿਆ ਸੀ ਕਿ, ‘ਕੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਓਬਾਮਾ ਖ਼ਿਲਾਫ਼ ਗੁਹਾਟੀ ਵਿਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ? ਕੀ ਅਸਾਮ ਪੁਲਿਸ ਓਬਾਮਾ ਨੂੰ ਕਿਸੇ ਉਡਾਣ ਵਿਚੋਂ ਉਤਾਰ ਕੇ ਗ੍ਰਿਫ਼ਤਾਰ ਕਰਨ ਲਈ ਵਾਸ਼ਿੰਗਟਨ ਜਾ ਰਹੀ ਹੈ?’ ਗੌਰਤਲਬ ਹੈ ਕਿ ਓਬਾਮਾ ਨੇ ਵੀਰਵਾਰ ਸੀ.ਐੱਨ.ਐੱਨ. ਨੂੰ ਦਿੱਤੀ ਇਕ ਇੰਟਰਵਿਊ ‘ਚ ਕਿਹਾ ਸੀ ਕਿ ਜੇ ਭਾਰਤ ਵਿਚ ਧਾਰਮਿਕ ਤੇ ਨਸਲੀ ਘੱਟਗਿਣਤੀਆਂ ਦੇ ਹੱਕਾਂ ਦੀ ਰਾਖੀ ਨਹੀਂ ਕੀਤੀ ਗਈ, ਤਾਂ ਦੇਸ਼ ਟੁੱਟ ਜਾਵੇਗਾ।

Leave a comment