#PUNJAB

ਐੱਸ.ਵਾਈ.ਐੱਲ. ਵਿਵਾਦ : ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ‘ਚ ਮੁੜ ਏਕੇ ਦਾ ਮੁੱਢ ਬੱਝਣ ਲੱਗਾ

ਚੰਡੀਗੜ੍ਹ, 12 ਅਕਤੂਬਰ (ਪੰਜਾਬ ਮੇਲ)-ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ‘ਚ ਮੁੜ ਏਕਤਾ ਦਾ ਮੁੱਢ ਬੱਝਣ ਲੱਗਿਆ ਹੈ। ਸਤਲੁਜ-ਯਮੁਨਾ ਲਿੰਕ ਨਹਿਰ ਦੇ ਮੁੱਦੇ ‘ਤੇ ਪੈਦਾ ਹੋਈ ਨਵੀਂ ਚੁਣੌਤੀ ਨੇ ਕਿਸਾਨ ਜਥੇਬੰਦੀਆਂ ਨੂੰ ਆਪਸੀ ਤਾਲ ਮਿਲਾਉਣ ਲਈ ਰਾਹ ਦਿਖਾਉਣਾ ਸ਼ੁਰੂ ਕੀਤਾ ਹੈ। ਐਤਵਾਰ ਵਾਲੇ ਦਿਨ ਜਲੰਧਰ ਤੋਂ ਕਿਸਾਨ ਧਿਰਾਂ ਦੇ ਆਗੂਆਂ ਦੀ ਆਪਸੀ ਏਕਤਾ ਦੀ ਗੱਲ ਤੁਰੀ, ਜਦੋਂ ਮਰਹੂਮ ਖੇਤੀ ਵਿਗਆਨੀ ਐੱਮ.ਐੱਸ. ਸਵਾਮੀਨਾਥਨ ਦੀ ਸ਼ੋਕ ਸਭਾ ਵਿਚ ਕਿਸਾਨ ਆਗੂ ਜੁੜੇ ਹੋਏ ਸਨ।
ਜੇਕਰ ਵੱਡੇ ਅੜਿੱਕੇ ਨਾ ਪਏ ਤਾਂ ਮੌਜੂਦਾ ਐੱਸ.ਵਾਈ.ਐੱਲ. ਦਾ ਮੁੱਦਾ ਕਿਸਾਨ ਏਕੇ ਦਾ ਸਬੱਬ ਬਣ ਸਕਦਾ ਹੈ। ਪਾਣੀਆਂ ਦੇ ਮੁੱਦੇ ‘ਤੇ ਕਿਸਾਨ ਆਗੂਆਂ ਦੇ ਮੁੜ ਸਿਰ ਜੁੜ ਸਕਦੇ ਹਨ ਅਤੇ ਇਸ ਦੇ ਨਤੀਜੇ ਵੀ ਲੋਕ ਆਸਾਂ ਮੁਤਾਬਕ ਆ ਸਕਦੇ ਹਨ। ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿਚ ਚੱਲੇ ਅੰਦੋਲਨ ‘ਚ ਕਿਸਾਨ ਜਥੇਬੰਦੀਆਂ ਦੀ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਏਕਤਾ ਅਤੇ ਅਨੁਸ਼ਾਸਨ ਨੇ ਕੌਮੀ ਸਫ਼ਾਂ ਤੱਕ ਇਸ ਦੀ ਚਰਚਾ ਛੇੜ ਦਿੱਤੀ ਸੀ। ਉਸ ਸਮੇਂ ਜੱਗ ਹਸਾਈ ਵੀ ਹੋਈ ਸੀ, ਜਦੋਂ ਦਿੱਲੀ ਤੋਂ ਵਾਪਸ ਪੰਜਾਬ ਆ ਕੇ ਕਿਸਾਨ ਆਗੂ ਖੱਖੜੀਆਂ ਕਰੇਲੇ ਹੋ ਗਏ ਸਨ।
ਬਲਬੀਰ ਸਿੰਘ ਰਾਜੇਵਾਲ ਦੇ ਧੜੇ ਸਣੇ ਚਾਰ ਹੋਰ ਕਿਸਾਨ ਧਿਰਾਂ ਨੇ ਵਿਧਾਨ ਸਭਾ ਚੋਣਾਂ ਵਿਚ ਹਿੱਸਾ ਲਿਆ ਅਤੇ ਇਨ੍ਹਾਂ ਚੋਣਾਂ ਵਿਚ ਜ਼ਮਾਨਤਾਂ ਜ਼ਬਤ ਹੋਣ ਦਾ ਮਤਲਬ ਸੀ ਕਿ ਲੋਕਾਂ ਨੂੰ ਕਿਸਾਨ ਆਗੂਆਂ ਦਾ ਸਿਆਸੀ ਪਿੜ ‘ਚ ਕੁੱਦਣਾ ਪਸੰਦ ਨਹੀਂ ਆਇਆ। ਰਾਜੇਵਾਲ ਦਾ ਕਹਿਣਾ ਸੀ ਕਿ ਦਿੱਲੀ ਅੰਦੋਲਨ ਦੀ ਸਮਾਪਤੀ ਮਗਰੋਂ ਸਰਕਾਰਾਂ ਨੇ ਕਿਸਾਨੀ ਮੰਗਾਂ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਅਤੇ ਹੁਣ ਰਿਪੇਰੀਅਨ ਅਧਿਕਾਰਾਂ ਨੂੰ ਖੋਹਣ ਦੀ ਕਿਸੇ ਵੀ ਕੋਸ਼ਿਸ਼ ਦਾ ਸਾਂਝਾ ਵਿਰੋਧ ਕਰਨ ਲਈ ਸਾਰੇ ਆਗੂਆਂ ਨਾਲ ਗੱਲ ਕਰਨਗੇ। ਬੀ.ਕੇ.ਯੂ. ਡੱਲੇਵਾਲ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਆਖਦੇ ਹਨ ਕਿ ਉਨ੍ਹਾਂ ਦੀ ਜਥੇਬੰਦੀ ਤਾਂ ਹੀ ਸ਼ਾਮਲ ਹੋਵੇਗੀ ਕਿ ਜੇ ਬਾਕੀ ਧਿਰਾਂ ਗੈਰ-ਸਿਆਸੀ ਹੋ ਕੇ ਕਿਸਾਨੀ ਮੁੱਦਿਆਂ ਦੀ ਗੱਲ ਕਰਨਗੀਆਂ।
ਚੇਤੇ ਰਹੇ ਕਿ ਬੀ.ਕੇ.ਯੂ. ਉਗਰਾਹਾਂ ਅਤੇ ਬੀ.ਕੇ.ਯੂ. ਡਕੌਂਦਾ ਨੂੰ ਪਿਛਲੇ ਸਮੇਂ ਦੌਰਾਨ ਫੁੱਟ ਦਾ ਸ਼ਿਕਾਰ ਵੀ ਹੋਣਾ ਪਿਆ ਹੈ। ਪਾਣੀਆਂ ਦੀ ਗੱਲ ਕਰੀਏ ਤਾਂ ਕਿਰਤੀ ਕਿਸਾਨ ਯੂਨੀਅਨ ਨੇ ਐੱਸ.ਵਾਈ.ਐੱਲ. ਦੇ ਮੁੱਦੇ ‘ਤੇ ਇਕ ਰੋਜ਼ਾ ਅੰਦੋਲਨ ਵੀ ਕੀਤਾ ਹੈ ਅਤੇ ਪਾਣੀਆਂ ਦੇ ਮੁੱਦੇ ‘ਤੇ ਰਾਜੇਵਾਲ ਧੜੇ ਵੱਲੋਂ ਪਿਛਲੇ ਸਮੇਂ ਦੌਰਾਨ ਇਕਹਿਰੇ ਰੂਪ ਵਿਚ ਪ੍ਰਦਰਸ਼ਨ ਵੀ ਕੀਤੇ ਗਏ ਸਨ। ਹੁਣ ਜਦੋਂ ਪੰਜਾਬ ਵਿਚ ਐੱਸ.ਵਾਈ.ਐੱਲ. ਨੂੰ ਲੈ ਕੇ ਸਿਆਸਤ ਭਖੀ ਹੋਈ ਹੈ ਅਤੇ ਸਿਆਸੀ ਧਿਰਾਂ ਇਕ ਦੂਜੇ ਖ਼ਿਲਾਫ਼ ਤਣੀਆਂ ਹੋਈਆਂ ਹਨ, ਤਾਂ ਕਿਸਾਨ ਧਿਰਾਂ ਦੀ ਏਕਾਮਈ ਅਗਵਾਈ ਪੰਜਾਬ ਨੂੰ ਰਾਸ ਆ ਸਕਦੀ ਹੈ। ਸੰਯੁਕਤ ਕਿਸਾਨ ਮੋਰਚਾ ਨੇ 18 ਅਕਤੂਬਰ ਨੂੰ ਚੰਡੀਗੜ੍ਹ ਵਿਚ ਮੀਟਿੰਗ ਬੁਲਾ ਲਈ ਹੈ।
ਐੱਸ.ਕੇ.ਐੱਮ. ਦੇ ਸੀਨੀਅਰ ਆਗੂ ਡਾ. ਦਰਸ਼ਨ ਪਾਲ ਦਾ ਕਹਿਣਾ ਸੀ ਕਿ 18 ਅਕਤੂਬਰ ਦੀ ਮੀਟਿੰਗ ਲਈ ਸਭਨਾਂ ਧਿਰਾਂ ਨੂੰ ਸੱਦਾ ਦਿੱਤਾ ਗਿਆ ਹੈ ਕਿਉਂਕਿ ਪੰਜਾਬ ਵੱਡੇ ਸੰਕਟ ਵਿਚੋਂ ਗੁਜ਼ਰ ਰਿਹਾ ਹੈ ਅਤੇ ਹੁਣ ਪਾਣੀਆਂ ਦੇ ਮੁੱਦੇ ‘ਤੇ ਕਿਸਾਨ ਭਾਈਚਾਰਾ ਵੀ ਕਿਸਾਨ ਜਥੇਬੰਦੀਆਂ ਦੇ ਮੂੰਹ ਵੱਲ ਦੇਖ ਰਿਹਾ ਹੈ। ਉਨ੍ਹਾਂ ਕਿਹਾ ਕਿ ਏਕਤਾ ਸਮੇਂ ਦੀ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਐੱਸ.ਵਾਈ.ਐੱਲ. ਦੇ ਸਰਵੇਖਣ ਲਈ ਆਉਣ ਵਾਲੀ ਕੇਂਦਰੀ ਟੀਮ ਦੇ ਵਿਰੋਧ ਲਈ ਸਾਂਝਾ ਪ੍ਰਦਰਸ਼ਨ ਕਰਨ ਦੀ ਤਕਰੀਬਨ ਧਿਰਾਂ ਨੇ ਸਹਿਮਤੀ ਦੇ ਦਿੱਤੀ ਹੈ। ਦੇਖਿਆ ਜਾਵੇ ਤਾਂ ਫ਼ਿਲਹਾਲ ਆਮ ਲੋਕ ਕਿਸਾਨ ਜਥੇਬੰਦੀਆਂ ਨੂੰ ਉਹ ਹੁੰਗਾਰਾ ਨਹੀਂ ਦੇ ਰਹੇ ਹਨ, ਜਿਸ ਤਰ੍ਹਾਂ ਦਾ ਇਤਬਾਰ ਲੋਕਾਂ ਨੇ ਦਿੱਲੀ ਮੋਰਚੇ ਸਮੇਂ ਕੀਤਾ ਸੀ।
ਕਿਸਾਨ ਜਥੇਬੰਦੀਆਂ ਅੱਗੇ ਵੱਡਾ ਸੁਆਲ ਹੁਣ ਗੁਆਚੇ ਹੋਏ ਵੱਕਾਰ ਨੂੰ ਬਹਾਲ ਕਰਨਾ ਅਤੇ ਭਰੋਸੇਯੋਗਤਾ ਨੂੰ ਕਾਇਮ ਕਰਨਾ ਹੈ। ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਆਖਦੇ ਹਨ ਕਿ ਕਿਸਾਨ ਧਿਰਾਂ ਦੀ ਏਕਤਾ ਪਾਣੀਆਂ ਦੇ ਮੁੱਦੇ ਨੂੰ ਨਵਾਂ ਮੋੜਾ ਦੇ ਸਕਦੀ ਹੈ ਅਤੇ ਕਿਸਾਨਾਂ ਦਾ ਸੰਘਰਸ਼ ਪਾਣੀਆਂ ਦੇ ਵਿਵਾਦ ਨੂੰ ਟਿਕਾਊ ਹੱਲ ਵੱਲ ਲਿਜਾ ਸਕਦਾ ਹੈ। ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦਰਮਿਆਨ ਪਏ ਖੱਪੇ ਨੂੰ ਕਿਸਾਨੀ ਅੰਦੋਲਨ ਹੀ ਪੂਰ ਸਕਦਾ ਹੈ।
ਪਤਾ ਲੱਗਿਆ ਹੈ ਕਿ ਸੰਯੁਕਤ ਕਿਸਾਨ ਮੋਰਚਾ ਦੀ ਕੌਮੀ ਪੱਧਰ ਦੀ ਮੀਟਿੰਗ 20 ਅਕਤੂਬਰ ਨੂੰ ਦਿੱਲੀ ਵਿਚ ਹੋ ਰਹੀ ਹੈ। ਅਗਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਸਾਨੀ ਮੰਗਾਂ ‘ਤੇ ਸਮੁੱਚੀਆਂ ਕਿਸਾਨ ਧਿਰਾਂ ਏਕੇ ਦਾ ਬਿਗਲ ਵਜਾ ਸਕਦੀਆਂ ਹਨ। ਇਸੇ ਦੌਰਾਨ ਖ਼ਬਰ ਆਈ ਹੈ ਕਿ ਭਾਰਤੀ ਕਿਸਾਨ ਯੂਨੀਅਨ (ਡੱਲੇਵਾਲ) ਨੇ 20 ਅਕਤੂਬਰ ਨੂੰ ਵੱਖਰੀ ਮੀਟਿੰਗ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਚ ਬੁਲਾ ਲਈ ਹੈ।
ਚੇਤੇ ਰਹੇ ਕਿ ਜਦੋਂ ਅੰਦੋਲਨਕਾਰੀ ਧਿਰਾਂ ਦਿੱਲੀ ਤੋਂ ਪੰਜਾਬ ਮੁੜੀਆਂ ਸਨ, ਤਾਂ ਉਸ ਮਗਰੋਂ ਸੰਯੁਕਤ ਕਿਸਾਨ ਮੋਰਚਾ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ ਸੀ। ਰਾਜੇਵਾਲ ਸਣੇ ਪੰਜ ਕਿਸਾਨ ਧਿਰਾਂ ਦਾ ਵੱਖਰਾ ਧੜਾ, ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਾਲਾ ਵੱਖਰਾ ਗਰੁੱਪ ਅਤੇ ਸੰਯੁਕਤ ਕਿਸਾਨ ਮੋਰਚੇ ਵਿਚਲੀਆਂ ਧਿਰਾਂ ਦਾ ਆਪਣਾ ਰੌਂਅ ਰਿਹਾ ਹੈ। ਬਹੁਤੇ ਕਿਸਾਨ ਆਗੂਆਂ ਨੇ ਮਹਿਸੂਸ ਕਰ ਲਿਆ ਹੈ ਕਿ ਏਕਤਾ ਬਿਨਾ ਲੋਕ ਹੁੰਗਾਰਾ ਮਿਲਣਾ ਮੁਸ਼ਕਲ ਹੈ।

Leave a comment