20.5 C
Sacramento
Friday, June 2, 2023
spot_img

ਐੱਸ.ਟੀ.ਐੱਫ. ਵੱਲੋਂ ਸਾਬਕਾ ਏ.ਆਈ.ਜੀ. ਰਾਜਜੀਤ ਸਿੰਘ ਖਿਲਾਫ ਜ਼ਬਰੀ ਵਸੂਲੀ ਦੇ ਦੋਸ਼ ‘ਚ ਇਕ ਹੋਰ ਕੇਸ ਦਰਜ

-ਲੁਕ ਆਊਟ ਸਰਕੁਲਰ ਤੋਂ ਬਾਅਦ ਵੀ ਰਾਜਜੀਤ ਦਾ ਕੋਈ ਸੁਰਾਗ ਨਹੀਂ
ਜਲੰਧਰ, 24 ਮਈ (ਪੰਜਾਬ ਮੇਲ)- ਪੰਜਾਬ ‘ਚ ਡਰੱਗਜ਼ ਤਸਕਰੀ ਅਤੇ ਕਰੋੜਾਂ ਰੁਪਏ ਦੇ ਭ੍ਰਿਸ਼ਟਾਚਾਰ ਨਾਲ ਸਬੰਧਿਤ ਮਾਮਲੇ ‘ਚ ਫ਼ਰਾਰ ਪੰਜਾਬ ਪੁਲਿਸ ਦੇ ਬਰਖ਼ਾਸਤ ਏ.ਆਈ.ਜੀ. ਰਾਜਜੀਤ ਸਿੰਘ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਟਾਸਕ ਫੋਰਸ (ਐੱਸ.ਟੀ.ਐੱਫ.) ਨੇ ਰਾਜਜੀਤ ਖ਼ਿਲਾਫ਼ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਤਹਿਤ ਇਕ ਹੋਰ ਮਾਮਲਾ ਦਰਜ ਕਰ ਲਿਆ ਹੈ। ਰਾਜਜੀਤ ‘ਤੇ ਨਸ਼ਾ ਤਸਕਰਾਂ ਤੋਂ ਰਿਸ਼ਵਤ ਲੈਣ ਅਤੇ ਉਨ੍ਹਾਂ ਨੂੰ ਸੁਰੱਖਿਆ ਦੇਣ ਦਾ ਦੋਸ਼ ਹੈ। ਜਾਣਕਾਰੀ ਅਨੁਸਾਰ ਰਾਜਜੀਤ ‘ਤੇ ਜ਼ਬਰੀ ਵਸੂਲੀ ਅਤੇ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਵਿਸ਼ੇਸ਼ ਐੱਸ.ਟੀ.ਐੱਫ. ਵੱਲੋਂ ਰਾਜਜੀਤ ਸਿੰਘ ਖ਼ਿਲਾਫ਼ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਜਨਤਕ ਕੀਤੀਆਂ ਗਈਆਂ 3 ਐੱਸ.ਆਈ.ਟੀ. ਰਿਪੋਰਟਾਂ ਦੇ ਆਧਾਰ ‘ਤੇ ਮੋਹਾਲੀ ਪੁਲਿਸ ਥਾਣੇ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਐੱਫ.ਆਈ.ਆਰ. ‘ਚ ਬਾਕਾਇਦਾ ਜ਼ਿਕਰ ਕੀਤਾ ਗਿਆ ਹੈ ਕਿ ਬਰਖ਼ਾਸਤ ਅਧਿਕਾਰੀ ‘ਤੇ ਜ਼ਬਰੀ ਵਸੂਲੀ ਦਾ ਮਾਮਲਾ ਦਰਜ ਕੀਤਾ ਗਿਆ ਹੈ ਕਿਉਂਕਿ ਐੱਸ.ਆਈ.ਟੀ. ਦੀ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਅਧਿਕਾਰੀ ਦੀ ਪੰਜਾਬ ਪੁਲਿਸ ਦੇ ਬਰਖ਼ਾਸਤ ਇੰਸਪੈਕਟਰ ਇੰਦਰਜੀਤ ਸਿੰਘ ਨਾਲ ਮਿਲੀਭੁਗਤ ਸੀ। ਐੱਸ.ਆਈ.ਟੀ. ਨੇ ਜਾਂਚ ‘ਚ ਉਸ ਵੇਲੇ ਦੇ ਵਿਸ਼ੇਸ਼ ਡੀ.ਜੀ.ਪੀ. ਸਿਧਾਰਥ ਚਟੋਪਾਧਿਆਏ ਦੀ ਅਗਵਾਈ ਵਾਲੀ ਐੱਸ.ਆਈ.ਟੀ. ਵੱਲੋਂ ਜਾਂਚ ਕੀਤੇ ਲੋਕਾਂ ਦੇ ਬਿਆਨਾਂ ਦੇ ਆਧਾਰ ‘ਤੇ ਬਰਖ਼ਾਸਤ ਪੁਲਿਸ ਅਫ਼ਸਰ ਦਾ ਨਾਂ ਸਾਹਮਣੇ ਲਿਆਂਦਾ ਹੈ। ਇਹ ਗੱਲ ਦੱਸਣਯੋਗ ਹੈ ਕਿ ਰਾਜਜੀਤ ਸਿੰਘ ਦੀ ਗ੍ਰਿਫ਼ਤਾਰੀ ਲਈ ਅਦਾਲਤ ਨੇ ਵਾਰੰਟ ਵੀ ਜਾਰੀ ਕੀਤੇ ਹਨ। ਉਸ ਦੀ ਭਾਲ ‘ਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ‘ਚ ਡਰੱਗਜ਼ ਰੈਕੇਟ ਮਾਮਲੇ ‘ਚ ਰਾਜਜੀਤ ਸਿੰਘ ਪਿਛਲੇ ਕਾਫੀ ਸਮੇਂ ਤੋਂ ਚਰਚਾ ‘ਚ ਸੀ। ਉਹ ਫ਼ਰਾਰ ਹੈ ਅਤੇ ਅਜੇ ਤੱਕ ਪੁਲਿਸ ਦੇ ਹੱਥ ਕੋਈ ਸਫ਼ਲਤਾ ਨਹੀਂ ਲੱਗੀ। ਅਦਾਲਤ ਵੱਲੋਂ ਜਾਰੀ ਹੁਕਮ ਤਹਿਤ 18 ਮਈ ਤੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ‘ਚ ਪੇਸ਼ ਕੀਤਾ ਜਾਣਾ ਸੀ ਪਰ ਰਾਜਜੀਤ ਸਿੰਘ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ। ਉਂਝ ਇਹ ਵੀ ਕਿਹਾ ਜਾ ਰਿਹਾ ਹੈ ਕਿ ਰਾਜਜੀਤ ਸਿੰਘ ‘ਤੇ ਮਾਮਲਾ ਦਰਜ ਕਰਨ ਤੋਂ ਬਾਅਦ ਉਸ ਨੂੰ ਫ਼ਰਾਰ ਹੋਣ ਲਈ ਕਾਫੀ ਸਮਾਂ ਮਿਲ ਗਿਆ। ਦੱਸਿਆ ਜਾ ਰਿਹਾ ਹੈ ਕਿ ਲੁਕ ਆਊਟ ਸਰਕੁਲਰ ਵੀ ਦੇਰੀ ਨਾਲ ਜਾਰੀ ਹੋਇਆ, ਜਿਸ ਕਾਰਨ ਸੰਭਾਵਨਾ ਹੈ ਕਿ ਉਹ ਦੇਸ਼ ‘ਚੋਂ ਫ਼ਰਾਰ ਹੋ ਗਿਆ ਹੋਵੇਗਾ।
ਸਾਲ 2017 ‘ਚ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਹਥਿਆਰ ਅਤੇ ਡਰੱਗਜ਼ ਸਮੱਗਲਿੰਗ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦੇ ਘਰੋਂ ਹੈਰੋਇਨ, ਸਮੈਕ ਤੇ ਏ.ਕੇ. 47 ਬਰਾਮਦ ਹੋਈ ਸੀ। ਇੰਸਪੈਕਟਰ ਨੂੰ ਉਸ ਤੋਂ ਬਾਅਦ ਬਰਖ਼ਾਸਤ ਕਰ ਦਿੱਤਾ ਗਿਆ ਸੀ। ਬਾਅਦ ‘ਚ ਇਹ ਗੱਲ ਵੀ ਪਤਾ ਲੱਗੀ ਸੀ ਕਿ ਏ.ਆਈ.ਜੀ. ਰਾਜਜੀਤ ਸਿੰਘ ਇੰਸਪੈਕਟਰ ਇੰਦਰਜੀਤ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਹੈ ਅਤੇ ਗਲਤ ਰਿਕਾਰਡ ਪੇਸ਼ ਕੀਤਾ ਜਾ ਰਿਹਾ ਹੈ। ਰਾਜਜੀਤ ਸਿੰਘ ‘ਤੇ ਬਰਾਮਦ ਡਰੱਗਜ਼ ਨਾਲ ਛੇੜਛਾੜ ਕਰਨ ਅਤੇ ਇੰਦਰਜੀਤ ਸਿੰਘ ਨੂੰ ਪ੍ਰਮੋਸ਼ਨ ਦੇਣ ਦੇ ਵੀ ਦੋਸ਼ ਹਨ। ਇਕ ਹੋਰ ਜ਼ਿਕਰਯੋਗ ਗੱਲ ਹੈ ਕਿ ਏ.ਆਈ.ਜੀ. ਰਾਜਜੀਤ ਸਿੰਘ ਅਤੇ ਇੰਦਰਜੀਤ 2012 ਤੋਂ 2017 ਤੱਕ ਇਕੱਠੇ ਤਾਇਨਾਤ ਰਹੇ। ਆਪਣੇ ਨਾਲ ਲਗਾਉਣ ਲਈ ਰਾਜਜੀਤ ਸਿੰਘ ਨੇ ਇੰਦਰਜੀਤ ਸਿੰਘ ਲਈ ਬਾਕਾਇਦਾ ਸਿਫਾਰਸ਼ੀ ਪੱਤਰ ਵੀ ਲਿਖੇ ਸਨ। ਇਹ ਦੋਵੇਂ ਅਧਿਕਾਰੀ ਜਲੰਧਰ, ਮੋਗਾ, ਗੁਰਦਾਸਪੁਰ ਤੇ ਤਰਨਤਾਰਨ ਵਿਚ ਵੀ ਤਾਇਨਾਤ ਰਹੇ ਹਨ।

Related Articles

Stay Connected

0FansLike
3,795FollowersFollow
20,800SubscribersSubscribe
- Advertisement -spot_img

Latest Articles