#PUNJAB

ਐੱਸ.ਆਈ.ਟੀ. ਵੱਲੋਂ ਕੋਟਕਪੂਰਾ ਗੋਲੀਕਾਂਡ ਦੇ ਮਾਮਲੇ ‘ਚ ਚੌਥੀ ਚਾਰਜਸ਼ੀਟ ਦਾਖ਼ਲ

ਫਰੀਦਕੋਟ/ਕੋਟਕਪੂਰਾ, 15 ਸਤੰਬਰ (ਪੰਜਾਬ ਮੇਲ)- ਕੋਟਕਪੂਰਾ ਗੋਲੀਕਾਂਡ ਦੇ ਮਾਮਲੇ ‘ਚ ਐੱਸ.ਆਈ.ਟੀ. ਨੇ ਚੌਥੀ ਚਾਰਜਸ਼ੀਟ ਦਾਖ਼ਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਫਰੀਦਕੋਟ ਦੀ ਅਦਾਲਤ ਵਿਚ ਕੋਟਕਪੂਰਾ ਗੋਲੀਕਾਂਡ ਦੇ ਮਾਮਲੇ ‘ਚ 22 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ 3 ਚਲਾਨ ਪਹਿਲਾਂ ਪੇਸ਼ ਹੋ ਚੁੱਕੇ ਹਨ ਅਤੇ ਅੱਜ ਵਾਲੇ ਚਲਾਨ ਵਿਚ ਧਾਰਾ 118 ਅਤੇ 119 ਲਗਾ ਦਿੱਤੀ ਗਈ ਹੈ। ਗਲਤ ਜਾਣਕਾਰੀ ਦੇਣ ਦੇ ਮੱਦੇਨਜ਼ਰ ਇਹ ਧਾਰਾ ਲਗਾਈ ਜਾਂਦੀ ਹੈ ਅਤੇ ਇਸ ਮਾਮਲੇ ਦੀ ਜਾਂਚ ਐੱਲ.ਕੇ. ਯਾਦਵ ਵਾਲੀ ਐੱਸ.ਆਈ.ਟੀ. ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 2502 ਪੰਨਿਆਂ (ਦੋ ਹਜ਼ਾਰ ਪੰਜ ਸੌ ਦੋ ਪੰਨਿਆਂ) ਦਾ ਤੀਜਾ ਸਪਲੀਮੈਂਟਰੀ ਚਲਾਨ ਫ਼ਰੀਦਕੋਟ ਅਦਾਲਤ ਦੇ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ। ਕੋ-ਆਪਟਿਡ ਮੈਂਬਰ ਡੀ.ਐੱਸ.ਪੀ. ਗੁਰਦੀਪ ਸਿੰਘ ਇੰਸਪੈਕਟਰ ਇਕਬਾਲ ਸਿੰਘ ਨਾਲ ਫਰੀਦਕੋਟ ਅਦਾਲਤ ਵਿਚ ਪਹੁੰਚੇ ਅਤੇ 11 ਜਿਲਦਾਂ ‘ਚ 56 ਪੰਨਿਆਂ ਦੀ ਚਾਰਜਸ਼ੀਟ ਅਤੇ 2446 ਪੰਨਿਆਂ ਦੇ ਸਹਾਇਕ ਦਸਤਾਵੇਜ਼ ਪੇਸ਼ ਕੀਤੇ ਸਨ।
ਜ਼ਿਕਰਯੋਗ ਹੈ ਕਿ ਐੱਸ.ਆਈ.ਜੀ. ਰਾਕੇਸ਼ ਅਗਰਵਾਲ ਅਤੇ ਐੱਸ.ਐੱਸ.ਪੀ. ਬਠਿੰਡਾ ਗੁਲਨੀਤ ਖੁਰਾਣਾ ਦੀ ਅਗਵਾਈ ਵਾਲੀ ਏ.ਡੀ.ਜੀ.ਪੀ. ਐੱਲ.ਕੇ. ਯਾਦਵ ਦੀ ਅਗਵਾਈ ਵਾਲੀ ਐੱਸ.ਆਈ.ਟੀ. ਨੇ 24 ਫਰਵਰੀ 2023 ਨੂੰ ਸੱਤ ਹਜ਼ਾਰ ਪੰਨਿਆਂ ਦਾ ਪਹਿਲਾ ਚਲਾਨ ਪੇਸ਼ ਕੀਤਾ ਸੀ ਅਤੇ ਉਸ ਤੋਂ ਬਾਅਦ 2400 ਪੰਨਿਆਂ ਦਾ ਦੂਜਾ ਚਲਾਨ ਪੇਸ਼ ਕੀਤਾ। 25 ਅਪ੍ਰੈਲ 2023 ਨੂੰ ਫਰੀਦਕੋਟ ਅਦਾਲਤ ਵਿਚ 129 ਅਤੇ 192 ਨੰ. ਥਾਣਾ ਸਿਟੀ ਕੋਟਕਪੂਰਾ ਵਿਚ ਧਾਰਾ 307,153,109,34,201,218 332,120ਬੀ.ਆਈ.ਪੀ.ਐੱਸ. ਅਤੇ 25/27 54,59 ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਚਲਾਨ ਵਿਚ ਐੱਸ.ਆਈ.ਟੀ. ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ, ਤਤਕਾਲੀ ਡੀ.ਜੀ.ਪੀ. ਸੁਮੇਧ ਸਿੰਘ ਸੈਣੀ, ਤਤਕਾਲੀ ਆਈ.ਜੀ. ਪਰਮਰਾਜ ਉਮਰਾਨੰਗਲ, ਐੱਸ.ਐੱਸ.ਪੀ. ਮੋਗਾ ਚਰਨਜੀਤ ਸ਼ਰਮਾ, ਐੱਸ.ਐੱਸ.ਪੀ. ਫਰੀਦਕੋਟ ਸੁਖਮੰਦਰ ਮਾਨ, ਡੀ.ਆਈ.ਜੀ. ਫ਼ਿਰੋਜ਼ਪੁਰ ਅਮਰ ਸਿੰਘ ਚਾਹਲ ਅਤੇ ਤਤਕਾਲੀ ਐੱਸ.ਐੱਚ.ਓ. ਸਿਟੀ ਕੋਟਕਪੂਰਾ ਗੁਰਦੀਪ ਸਿੰਘ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਤਤਕਾਲੀ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਇਸ ਘਟਨਾ ਦੇ ਮੁੱਖ ਸਾਜ਼ਿਸ਼ਕਰਤਾ ਵਜੋਂ ਨਾਮਜ਼ਦ ਕੀਤਾ ਗਿਆ ਹੈ, ਜਦਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਸਾਜ਼ਿਸ਼ ਨੂੰ ਅੰਜਾਮ ਦੇਣ ਦਾ ਦੋਸ਼ ਹੈ। ਤਤਕਾਲੀ ਆਈ.ਜੀ. ਉਮਰਾਨੰਗਲ, ਡੀ.ਆਈ.ਜੀ. ਫ਼ਿਰੋਜ਼ਪੁਰ ਅਮਰ ਸਿੰਘ ਚਾਹਲ ਅਤੇ ਐੱਸ.ਐੱਸ.ਪੀ. ਮੋਗਾ ਚਰਨਜੀਤ ਸਿੰਘ ਸ਼ਰਮਾ ‘ਤੇ ਸਾਜ਼ਿਸ਼ ਨੂੰ ਅੰਜਾਮ ਦੇਣ ਦਾ ਦੋਸ਼ ਹੈ।

Leave a comment