#INDIA

ਐੱਫ.ਬੀ.ਆਰ. ਵੱਲੋਂ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੇ ਸਾਰੇ ਬੈਂਕ ਖਾਤੇ ਫ੍ਰੀਜ਼

ਨਵੀਂ ਦਿੱਲੀ, 29 ਜੁਲਾਈ (ਪੰਜਾਬ ਮੇਲ)- ਪਾਕਿਸਤਾਨ ਵਾਂਗ ਇਸ ਦੀ ਫਲੈਗਸ਼ਿਪ ਏਅਰਲਾਈਨ ਵੀ ਗਰੀਬੀ ਨਾਲ ਜੂਝ ਰਹੀ ਹੈ। ਫੈਡਰਲ ਬੋਰਡ ਆਫ ਰੈਵੇਨਿਊ (ਐੱਫ.ਬੀ.ਆਰ.) ਨੇ ਦੇਸ਼ ਦੀ ਪ੍ਰਮੁੱਖ ਏਅਰਲਾਈਨ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ.ਆਈ.ਏ.) ਦੇ ਸਾਰੇ ਬੈਂਕ ਖਾਤਿਆਂ ਨੂੰ ਟੈਕਸਾਂ ਦਾ ਭੁਗਤਾਨ ਨਾ ਕਰਨ ਦੇ ਦੋਸ਼ ਵਿਚ ਫ੍ਰੀਜ਼ ਕਰ ਦਿੱਤਾ ਹੈ। ਪੀ.ਆਈ.ਏ. ਦੇ ਬੁਲਾਰੇ ਅਬਦੁੱਲਾ ਹਫੀਜ਼ ਨੇ ਡਾਨ ਨੂੰ ਦੱਸਿਆ ਕਿ ਏਅਰਲਾਈਨ ਦਾ ਪ੍ਰਬੰਧਨ ਐੱਫ.ਬੀ.ਆਰ. ਦੇ ਸੰਪਰਕ ਵਿਚ ਹੈ। ਉਨ੍ਹਾਂ ਕਿਹਾ ਕਿ ਖਾਤੇ ਬੰਦ ਹੋਣ ਦੇ ਬਾਵਜੂਦ ਪੀ.ਆਈ.ਏ. ਦੇ ਫਲਾਈਟ ਆਪਰੇਸ਼ਨ ਅਤੇ ਹੋਰ ਗਤੀਵਿਧੀਆਂ ਆਮ ਵਾਂਗ ਜਾਰੀ ਰਹਿਣਗੀਆਂ।
ਸੂਤਰਾਂ ਅਨੁਸਾਰ ਐੱਫ.ਬੀ.ਆਰ. ਦਾ ਪੀ.ਆਈ.ਏ. ‘ਤੇ ਲਗਭਗ 2.8 ਅਰਬ ਰੁਪਏ ਦਾ ਟੈਕਸ ਬਕਾਇਆ ਹੈ। ਰਿਪੋਰਟ ਵਿਚ ਅੱਗੇ ਕਿਹਾ ਗਿਆ ਹੈ ਕਿ ਏਅਰਲਾਈਨ ਦਾ ਦਾਅਵਾ ਹੈ ਕਿ ਉਸ ਦਾ ਬਕਾਇਆ ਲਗਭਗ 1.3 ਅਰਬ ਰੁਪਏ ਹੈ। ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਪੀ.ਆਈ.ਏ. ਦੇ ਖਾਤੇ ਫ੍ਰੀਜ਼ ਕੀਤੇ ਗਏ ਹਨ। ਪਿਛਲੇ ਸਾਲ ਜਨਵਰੀ ‘ਚ ਵੀ ਇਸੇ ਮੁੱਦੇ ‘ਤੇ 53 ਖਾਤੇ ਫ੍ਰੀਜ਼ ਕੀਤੇ ਗਏ ਸਨ। ਪੀ.ਆਈ.ਏ. ਪ੍ਰਸ਼ਾਸਨ ਵੱਲੋਂ ਟੈਕਸਾਂ ਦੀ ਤੁਰੰਤ ਕਲੀਅਰੈਂਸ ਦੇ ਭਰੋਸੇ ਤੋਂ ਬਾਅਦ ਬੈਂਕ ਖਾਤੇ ਬਹਾਲ ਕਰ ਦਿੱਤੇ ਗਏ ਸਨ। ਇਸ ਦੌਰਾਨ, ਏ.ਆਰ.ਵਾਈ. ਨਿਊਜ਼ ਨੇ ਰਿਪੋਰਟ ਦਿੱਤੀ ਕਿ ਪਾਕਿਸਤਾਨ ਸਟੇਟ ਆਇਲ (ਪੀ.ਐੱਸ.ਓ.) ਨੇ ਵੀ ਪੀ.ਆਈ.ਏ. ਦੇ ਤਿੰਨ ਜਹਾਜ਼ਾਂ ਲਈ ਬਾਲਣ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਕਾਰਨ ਪੀ.ਕੇ.-309 ਇਸਲਾਮਾਬਾਦ-ਕਰਾਚੀ, ਪੀ.ਕੇ.-330 ਕਰਾਚੀ-ਮੁਲਤਾਨ ਅਤੇ ਪੀ.ਕੇ.-739 ਮੁਲਤਾਨ-ਜੇਦਾਹ ਸਮੇਤ ਨਿਰਧਾਰਤ ਉਡਾਣਾਂ ਦੇ ਸੰਚਾਲਨ ‘ਚ ਰੁਕਾਵਟ ਆ ਗਈ ਹੈ।

Leave a comment