* ਇਸ ਤੋਂ ਕੁਝ ਘੰਟੇ ਬਾਅਦ ਬਾਈਡਨ ਯੂਟਾਹ ਪੁੱਜੇ
ਸੈਕਰਾਮੈਂਟੋ, 12 ਅਗਸਤ ਕੈਲੀਫੋਰਨੀਆ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ ਦੇ ਯੂਟਾਹ ਰਾਜ ਦਾ ਇਕ ਵਿਅਕਤੀ ਜਿਸ ਨੇ ਰਾਸ਼ਟਰਪਤੀ ਜੋ ਬਾਈਡਨ ਵਿਰੁੱਧ ਧਮਕੀ ਭਰੇ ਬਿਆਨ ਦਿੱਤੇ ਸਨ, ਐਫ ਬੀ ਆਈ ਏਜੰਟਾਂ ਹੱਥੋਂ ਉਸ ਵੇਲੇ ਮਾਰਿਆ ਗਿਆ ਜਦੋਂ ਉਹ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਉਟਾਹ ਦੇ ਪ੍ਰੋਵੋ ਸ਼ਹਿਰ ਦੇ ਵਾਸੀ 75 ਸਾਲਾ ਕਰੈਗ ਡੇਲੀਊ ਰਾਬਰਟਸਨ ਨੇ ਰਾਸ਼ਟਰਪਤੀ ਦੇ ਯੂਟਾਹ ਦੌਰੇ ‘ਤੋਂ ਪਹਿਲਾਂ ਧਮਕੀ ਭਰੇ ਬਿਆਨ ਦਿੱਤੇ ਸਨ ਜਿਨਾਂ ਵਿਚ ਰਾਸ਼ਟਰਪਤੀ ਨਾਲ ਸਿਝ ਲੈਣ ਦੀ ਗੱਲ ਕਹੀ ਗਈ ਸੀ। ਉਸ ਵਿਰੁੱਧ ਬੀਤੇ ਮੰਗਲਵਾਰ ਰਾਸ਼ਟਰਪਤੀ ਨੂੰ ਧਮਕੀਆਂ ਦੇਣ ਨਾਲ ਸਬੰਧਤ ਦੋਸ਼ ਆਇਦ ਕੀਤੇ ਗਏ ਸਨ। ਪ੍ਰਾਪਤ ਵੇਰਵੇ ਅਨੁਸਾਰ ਜਦੋਂ ਐਫ ਬੀ ਆਈ ਏਜੰਟ ਵਾਰੰਟ ਲੈ ਕੇ ਰਾਬਰਟਸਨ ਨੂੰ ਗ੍ਰਿਫਤਾਰ ਕਰਨ ਲਈ ਉਸ ਦੇ ਘਰ ਪੁੱਜੇ ਤਾਂ ਇਸ ਦੌਰਾਨ ਗੋਲੀਬਾਰੀ ਦੀ ਘਟਨਾ ਵਾਪਰੀ ਜਿਸ ਦੌਰਾਨ ਰਾਬਰਟਸਨ ਮਾਰਿਆ ਗਿਆ। ਐਫ ਬੀ ਆਈ ਨੇ ਗੋਲੀ ਚੱਲਣ ਸਬੰਧੀ ਕੋਈ ਵੇਰਵਾ ਜਾਰੀ ਨਹੀਂ ਕੀਤਾ ਹੈ। ਗੋਲੀਬਾਰੀ ਦੀ ਜਾਂਚ ਐਫ ਬੀ ਆਈ ਦੀ ਇੰਸਪੈਕਸ਼ਨ ਡਵੀਜਨ ਕਰੇਗੀ। ਰਾਬਰਟਸਨ ਵਿਰੁੱਧ ਆਇਦ ਕੀਤੇ ਦੋਸ਼ਾਂ ਅਨੁਸਾਰ ਉਸ ਨੇ ਆਪਣੇ ਫੇਸ ਬੁੱਕ ਖਾਤੇ ‘ਤੇ ਲੰਘੇ ਐਤਵਾਰ ਲਿਖਿਆ ਸੀ ” ਮੈ ਸੁਣਿਆ ਹੈ ਬਾਈਡਨ ਯੂਟਾਹ ਆ ਰਿਹਾ ਹੈ। ਮੈ ਐਮ 24 ਸਨਾਈਪਰ ਰਾਈਫਲ ਤੋਂ ਮਿੱਟੀ ਝਾੜ ਰਿਹਾ ਹਾਂ। ਜੀ ਆਇਆਂ ਨੂੰ।” ਰਾਸ਼ਟਰਪਤੀ ਯੂਟਾਹ ਪੁੱਜੇ–ਐਫ ਬੀ ਆਈ ਏਜੰਟਾਂ ਹੱਥੋਂ ਪ੍ਰੋਵੋ ਸ਼ਹਿਰ ਵਿਚ ਰਾਬਰਟਸਨ ਦੀ ਹੋਈ ਮੌਤ ਤੋਂ ਕੁਝ ਘੰਟੇ ਬਾਅਦ ਰਾਸ਼ਟਰਪਤੀ ਦੁਪਹਿਰ ਬਾਅਦ ਉਟਾਹ ਪੁੱਜੇ। ਏਅਰ ਫੋਰਸ ਦਾ ਜਹਾਜ਼ ਪ੍ਰੋਵੋ ਤੋਂ ਤਕਰੀਬਨ 50 ਮੀਲ ਦੂਰ ਸਾਲਟ ਲੇਕ ਸਿਟੀ ਵਿਚ ਰੋਲੈਂਡ ਆਰ ਰਾਈਟ ਏਅਰ ਨੈਸ਼ਨਲ ਗਾਰਡ ਬੇਸ ‘ਤੇ ਰਾਸ਼ਟਰਪਤੀ ਨੂੰ ਲੈ ਕੇ ਸ਼ਾਮ 4.24 ਵਜੇ ਉਤਰਿਆ। ਫੌਜੀ ਅਧਿਕਾਰੀਆਂ ਨੇ ਉਨਾਂ ਨੂੰ ਜੀ ਆਇਆਂ ਕਿਹਾ।