-ਪ੍ਰਸ਼ਾਸਨ ਤੋਂ ਲਾਈ ਇਨਸਾਫ ਦੀ ਗੁਹਾਰ
– ਕਿਹਾ; ਇਨਸਾਫ ਨਾ ਮਿਲਿਆ, ਤਾਂ ਕਦੇ ਵੀ ਪੰਜਾਬ ਨਹੀਂ ਆਵਾਂਗੇ
ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਮੇਲ)- ਕੈਲੀਫੋਰਨੀਆ ਤੋਂ ਪੰਜਾਬ ਗਏ ਐੱਨ.ਆਰ.ਆਈ. ਬਰਜਿੰਦਰ ਸਿੰਘ ਅਤੇ ਉਨ੍ਹਾਂ ਦੇ 88 ਸਾਲ ਦੇ ਬਜ਼ੁਰਗ ਪਿਤਾ ਦੀ ਉਨ੍ਹਾਂ ਦੇ ਆਪਣੇ ਚਾਚੇ ਦੇ ਪਰਿਵਾਰ ਅਤੇ ਕੁੱਝ ਹੋਰ ਅਣਪਛਾਤੇ ਲੋਕਾਂ ਵੱਲੋਂ ਕੁੱਟਮਾਰ ਕਰਨ ਦੀ ਸਨਸਨੀਖੇਜ਼ ਖਬਰ ਪ੍ਰਾਪਤ ਹੋਈ ਹੈ। ਪੁਲਿਸ ਅਨੁਸਾਰ ਇਨ੍ਹਾਂ ਦਾ ਜਾਇਦਾਦ ਨੂੰ ਲੈ ਕੇ ਕੋਰਟ ਵਿਚ ਕੇਸ ਚੱਲ ਰਿਹਾ ਸੀ, ਜਿਸ ਦਾ ਫੈਸਲਾ ਐੱਨ.ਆਰ.ਆਈ. ਬਰਜਿੰਦਰ ਸਿੰਘ ਦੇ ਹੱਕ ਵਿਚ ਹੋ ਗਿਆ, ਜਿਸ ‘ਤੇ ਉਨ੍ਹਾਂ ਦੇ ਚਾਚੇ ਦੇ ਪਰਿਵਾਰਕ ਮੈਂਬਰਾਂ ਨੇ ਕੁੱਝ ਹੋਰ ਲੋਕਾਂ ਨਾਲ ਰਲ ਕੇ ਇਨ੍ਹਾਂ ਦੀ ਕੁੱਟਮਾਰ ਕੀਤੀ, ਜਿਸ ਦੀ ਵੀਡੀਓ ਗੁਆਂਢ ਵਿਚ ਰਹਿ ਰਹੇ ਕੁੱਝ ਲੋਕਾਂ ਨੇ ਬਣਾ ਲਈ, ਜੋ ਕਿ ਕਾਫੀ ਵਾਇਰਲ ਹੋ ਗਈ ਹੈ।
ਜ਼ਖਮੀ ਹੋਏ ਇਨ੍ਹਾਂ ਐੱਨ.ਆਰ.ਆਈ. ਪਿਓ-ਪੁੱਤ ਦੇ ਦੱਸਣ ਮੁਤਾਬਕ ਉਹ ਪਿੰਡ ਮੱਤੇਵਾਲ ਤੋਂ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਆ ਰਹੇ ਸੀ, ਤਾਂ ਰਸਤੇ ਵਿਚ ਉਨ੍ਹਾਂ ਦੀ ਗੱਡੀ ਨੂੰ ਕੁੱਝ ਅਣਪਛਾਤੇ ਲੋਕਾਂ ਨੇ ਰੋਕ ਲਿਆ ਅਤੇ ਉਨ੍ਹਾਂ ਨੂੰ ਕਿਡਨੈਪ ਕਰਕੇ ਇੱਕ ਜਗ੍ਹਾ ਲਿਜਾਇਆ ਗਿਆ। ਜਿੱਥੇ ਅਣਪਛਾਤੇ ਲੋਕਾਂ ਨੇ ਉਨ੍ਹਾਂ ‘ਤੇ ਹਮਲਾ ਕਰਕੇ ਗੰਭੀਰ ਸੱਟਾਂ ਮਾਰੀਆਂ। ਉਨ੍ਹਾਂ ਦੱਸਿਆ ਕਿ ਇਹ ਸੱਟਾਂ ਉਨ੍ਹਾਂ ਦੇ ਚਾਚੇ ਦੇ ਮੁੰਡੇ ਵੱਲੋਂ ਮਾਰੀਆਂ ਗਈਆਂ ਹਨ, ਕਿਉਂਕਿ ਉਨ੍ਹਾਂ ਨਾਲ ਇਨ੍ਹਾਂ ਦਾ ਜ਼ਮੀਨੀ ਵਿਵਾਦ ਚੱਲ ਰਿਹਾ ਹੈ। ਦੋਵੇਂ ਐੱਨ.ਆਰ.ਆਈ. ਪਿਓ-ਪੁੱਤ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਹਨ, ਜਿਨ੍ਹਾਂ ਦੇ ਉਥੇ ਇਲਾਜ ਚੱਲ ਰਿਹਾ ਹੈ। ਮਾਮਲੇ ਸੰਬੰਧੀ ਪੁਲਿਸ ਵੱਲੋਂ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਇਨ੍ਹਾਂ ਜ਼ਖਮੀ ਐੱਨ.ਆਰ.ਆਈ. ਪਿਓ-ਪੁੱਤ ਦਾ ਕਹਿਣਾ ਹੈ ਕਿ ਉਸ ਵਕਤ ਉਨ੍ਹਾਂ ਕੋਲ ਕੁੱਝ ਨਕਦੀ ਤੇ ਸਮਾਨ ਵੀ ਪਿਆ ਸੀ, ਜੋ ਕਿ ਉਨ੍ਹਾਂ ਹਮਲਾਵਰਾਂ ਨੇ ਖੋਹ ਲਿਆ ਹੈ।
ਜ਼ਖਮੀ ਹਾਲਤ ‘ਚ ਹਸਪਤਾਲ ਦਾਖਲ ਐੱਨ.ਆਰ.ਆਈ. ਬਰਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਚਾਚੇ ਦੇ ਮੁੰਡੇ ਨੇ 6-7 ਵਿਅਕਤੀਆਂ ਨਾਲ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਿਤਾ ਨੂੰ ਕਿਡਨੈਪ ਕਰਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਜ਼ਮੀਨੀ ਵਿਵਾਦ ਚੱਲ ਰਿਹਾ ਸੀ, ਜਿਸ ਦਾ ਅਦਾਲਤੀ ਫੈਸਲਾ ਵੀ ਉਨ੍ਹਾਂ ਦੇ ਹੱਕ ਵਿਚ ਆਇਆ ਸੀ। ਹਮਲਾ ਕਰਨ ਵਾਲਿਆਂ ‘ਚ ਉਨ੍ਹਾਂ ਦੇ ਚਾਚੇ ਦਾ ਮੁੰਡਾ ਜਤਿੰਦਰ ਸਿੰਘ, ਉਸ ਦੀ ਪਤਨੀ ਮਨਿੰਦਰ ਸਿੰਘ, ਅੰਮ੍ਰਿਤਪਾਲ ਸਿੰਘ ਉਦੋਕੇ ਪਿੰਡ ਅਤੇ ਸੰਦੀਪ ਸਿੰਘ ਤੋਂ ਇਲਾਵਾ ਹੋਰ ਵੀ ਤਿੰਨ-ਚਾਰ ਅਣਪਛਾਤੇ ਵਿਅਕਤੀ ਸ਼ਾਮਲ ਸਨ।
ਉਨ੍ਹਾਂ ਦੱਸਿਆ ਕਿ ਇਸ ਕੁੱਟਮਾਰ ਦੌਰਾਨ ਹਮਲਾ ਕਰਨ ਵਾਲਿਆਂ ਨੇ ਉਨ੍ਹਾਂ ਦੀ ਘੜੀ, ਚੇਨੀ ਵੀ ਉਤਾਰ ਲਈ ਅਤੇ 2 ਲੱਖ 35 ਹਜ਼ਾਰ ਰੁਪਏ ਵੀ ਖੋਹ ਲਏ।
ਬਰਜਿੰਦਰ ਸਿੰਘ ਨੇ ਦੱਸਿਆ ਹੈ ਕਿ ਉਹ ਅਮਰੀਕਾ ਦਾ ਵਸਨੀਕ ਹੈ। ਉਸ ਨੇ ਪੁਲਿਸ ਅਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਾਈ ਹੈ।
ਇਸ ਸੰਬੰਧੀ ਟਾਹਲੀ ਸਾਹਿਬ ਚੌਂਕੀ ‘ਚ ਰਿਪੋਰਟ ਲਿਖਾਈ ਗਈ ਹੈ, ਜੋ ਕਿ ਪਿੰਡ ਮੱਤੇਵਾਲ ਦੇ ਅਧੀਨ ਪੈਂਦਾ ਹੈ। ਮੱਤੇਵਾਲ ਦੇ ਐੱਸ.ਐੱਚ.ਓ. ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਮੀਨੀ ਵਿਵਾਦ ਕਾਰਨ ਐੱਨ.ਆਰ.ਆਈ. ਪਿਓ-ਪੁੱਤ ਦੀ ਕੁੱਟਮਾਰ ਹੋਈ ਹੈ। ਇਸ ਸੰਬੰਧੀ ਮੁਕੱਦਮਾ ਨੰਬਰ 14 ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।
ਬਰਜਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਜੇ ਉਸ ਨੂੰ ਇਨਸਾਫ ਨਾ ਮਿਲਿਆ, ਤਾਂ ਉਹ ਕਦੇ ਵੀ ਪੰਜਾਬ ਨਹੀਂ ਆਉਣਗੇ।