#INDIA

ਐੱਨ.ਆਈ.ਏ. ਵੱਲੋਂ ਗੈਂਗਸਟਰ ਕੌਸ਼ਲ ਚੌਧਰੀ ਤੇ ਅਰਸ਼ ਡਾਲਾ ‘ਚ ਵਿਚਾਲੇ ਰਿਸ਼ਤਿਆਂ ਸਬੰਧੀ ਖੁਲਾਸਾ

ਨਵੀਂ ਦਿੱਲੀ, 2 ਅਕਤੂਬਰ (ਪੰਜਾਬ ਮੇਲ)- ਗੈਂਗਸਟਰ ਲਾਰੈਂਸ਼ ਬਿਸ਼ਨੋਈ ਤੇ ਦਵਿੰਦਰ ਬੰਬੀਹਾ ਦੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਤੇ ਖਾਲਿਸਤਾਨੀ ਵੱਖਵਾਦੀਆਂ ਨਾਲ ਸਬੰਧਾਂ ਬਾਰੇ ਖੁਲਾਸਾ ਕਰਨ ਮਗਰੋਂ ਕੌਮੀ ਜਾਂਚ ਏਜੰਸੀ ਨੇ ਹੁਣ ਹਰਿਆਣਾ ਖਾਸ ਕਰਕੇ ਗੁਰੂਗ੍ਰਾਮ ਵਿਚ ਸਰਗਰਮ ਕੌਸ਼ਲ ਚੌਧਰੀ ਗਰੋਹ ਅਤੇ ਲੋੜੀਂਦੇ ਖਾਲਿਸਤਾਨੀ ਹਮਾਇਤੀ ਤੇ ਦਹਿਸ਼ਤਗਰਦ ਅਰਸ਼ਦੀਪ ਸਿੰਘ ਗਿੱਲ ਉਰਫ਼ ਅਰਸ਼ ਡਾਲਾ ਵਿਚਾਲੇ ਰਿਸ਼ਤਿਆਂ ਤੋਂ ਪਰਦਾ ਚੁੱਕਿਆ ਹੈ। ਡੱਲਾ ਬੰਬੀਹਾ ਗਰੋਹ ਨਾਲ ਜੁੜਿਆ ਰਿਹਾ ਹੈ ਤੇ ਉਹ ਖਾਲਿਸਤਾਨ ਟਾਈਗਰ ਫੋਰਸ ਦਾ ਮੈਂਬਰ ਹੈ। ਲਾਰੈਂਸ ਬਿਸ਼ਨੋਈ ਤੇ ਕੌਸ਼ਲ ਚੌਧਰੀ ਗਰੋਹ ਇਕ ਦੂਜੇ ਦੇ ਰਵਾਇਤੀ ਵਿਰੋਧੀ ਰਹੇ ਹਨ। ਐੱਨ.ਆਈ.ਏ. ਨੇ ਚਾਰਜਸ਼ੀਟ ਵਿਚ ਦਾਅਵਾ ਕੀਤਾ ਹੈ ਕਿ ਬਿਸ਼ਨੋਈ ਦੇ ਦਹਿਸ਼ਤਗਰਦ ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ ਅਤੇ ਚੌਧਰੀ ਦੇ ਡੱਲਾ ਨਾਲ ਸਬੰਧਾਂ ਤੋਂ ਇਕ ਗੱਲ ਤਾਂ ਸਾਫ਼ ਹੈ ਕਿ ਰਿਸ਼ਤਿਆਂ ਦੀ ਇਸ ਗੁੰਝਲਦਾਰ ਤਾਣੀ ਪਿੱਛੇ ਪਾਕਿਸਤਾਨ ਆਈ.ਐੱਸ.ਆਈ. ਤੇ ਖਾਲਿਸਤਾਨੀ ਹਮਾਇਤੀਆਂ ਦਾ ਹੱਥ ਹੈ ਤੇ ਇਨ੍ਹਾਂ ਦੇ ਅਪਰੇਸ਼ਨ ਕੌਮੀ ਸਰਹੱਦਾਂ ਨੂੰ ਪਾਰ ਕਰ ਚੁੱਕੇ ਹਨ। ਬਿਸ਼ਨੋਈ ਤੇ ਚੌਧਰੀ, ਦੋਵੇਂ ਇਸ ਵੇਲੇ ਸਲਾਖਾਂ ਪਿੱਛੇ ਤੇ ਨਿਆਂਇਕ ਹਿਰਾਸਤ ਹੇਠ ਹਨ। ਕੌਸ਼ਲ ਚੌਧਰੀ ਨੇ 2016 ਵਿਚ ਗੁਰੂਗ੍ਰਾਮ ਵਿਚ ਬਦਨਾਮ ਗੈਂਗਸਟਰ ਦਵਿੰਦਰ ਬੰਬੀਹਾ ਨੂੰ ਪਨਾਹ ਦਿੱਤੀ ਸੀ। ਉਸ ਮਗਰੋਂ ਬੰਬੀਹਾ ਦੀ ਚੌਧਰੀ ਗਰੋਹ ਨਾਲ ਨੇੜਤਾ ਵਧੀ ਤੇ ਦੋਵੇਂ ਮਿਲ ਕੇ ਕੰਮ ਕਰਨ ਲੱਗੇ। ਚਾਰਜਸ਼ੀਟ ਮੁਤਾਬਕ ਇਨ੍ਹਾਂ ਦਾ ਨੈੱਟਵਰਕ ਕੈਨੇਡਾ, ਯੂਰੋਪ, ਮੱਧ ਪੂਰਬ, ਥਾਈਲੈਂਡ, ਦੁਬਈ, ਫਿਲਪੀਨਜ਼ ਆਦਿ ਦੇਸ਼ਾਂ ਵਿਚ ਹੈ।

Leave a comment