#PUNJAB

ਐੱਨ.ਆਈ.ਏ. ਵੱਲੋਂ ਖਾਲਸਾ ਏਡ ਦੀ ਭਾਰਤ ਇਕਾਈ ਦੇ ਮੁਖੀ ਦੇ ਟਿਕਾਣਿਆਂ ‘ਤੇ ਛਾਪੇ

-ਮੋਬਾਈਲ ਫੋਨ ਤੇ ਕਈ ਦਸਤਾਵੇਜ਼ ਕੀਤੇ ਜਬਤ
ਪਟਿਆਲਾ, 2 ਅਗਸਤ (ਪੰਜਾਬ ਮੇਲ)- ਕੇਂਦਰੀ ਜਾਂਚ ਏਜੰਸੀ ਐੱਨ.ਆਈ.ਏ. ਵੱਲੋਂ ਖਾਲਸਾ ਏਡ ਦੀ ਭਾਰਤ ਇਕਾਈ ਦੇ ਮੁਖੀ ਅਮਰਪ੍ਰੀਤ ਸਿੰਘ ਦੇ ਪਟਿਆਲਾ ਸਥਿਤ ਤਵੱਕਲੀ ਮੋੜ ਸਥਿਤ ਘਰ ਅਤੇ ਇਥੋਂ ਦੀ ਰਿਸ਼ੀ ਕਲੋਨੀ ਵਿਚਲੇ ਦਫ਼ਤਰ ਅਤੇ ਗੁਦਾਮ ਵਿਚ ਛਾਪਾ ਮਾਰਿਆ ਗਿਆ। ਉਨ੍ਹਾਂ ਦੇ ਘਰ ਪੁੱਜੀ ਵੀਹ ਮੈਂਬਰੀ ਟੀਮ ਨੇ ਸਭ ਤੋਂ ਪਹਿਲਾਂ ਉਨ੍ਹਾਂ ਦਾ ਮੋਬਾਈਲ ਫੋਨ ਜ਼ਬਤ ਕੀਤਾ। ਇਸ ਮਗਰੋਂ ਕਈ ਘੰਟਿਆਂ ਤੱਕ ਚੱਲੀ ਤਲਾਸ਼ੀ ਮੁਹਿੰਮ ਦੌਰਾਨ ਘਰੋਂ ਤੇ ਦਫ਼ਤਰੋਂ ਕਈ ਦਸਤਾਵੇਜ਼ ਜ਼ਬਤ ਕਰ ਕੇ ਟੀਮ ਨਾਲ ਲੈ ਗਈ। ਇਨ੍ਹਾਂ ‘ਚ ਬੈਂਕ ਸਟੇਟਮੈਂਟਸ ਵੀ ਸ਼ਾਮਲ ਸਨ। ਅਧਿਕਾਰੀਆਂ ਨੇ ਅਮਰਪ੍ਰੀਤ ਸਿੰਘ ਨੂੰ ਕੁਝ ਦਸਤਾਵੇਜ਼ ਲੈ ਕੇ 3 ਅਗਸਤ ਨੂੰ ਏਜੰਸੀ ਦੇ ਦਿੱਲੀ ਸਥਿਤ ਦਫ਼ਤਰ ‘ਚ ਪਹੁੰਚਣ ਦੀ ਹਦਾਇਤ ਵੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਆਪਣੀਆਂ ਸਮਾਜ ਸੇਵੀ ਸਰਗਰਮੀਆਂ ਨੂੰ ਲੈ ਕੇ ‘ਖਾਲਸਾ ਏਡ’ ਵਿਸ਼ਵ ਪੱਧਰ ‘ਤੇ ਨਵੇਕਲੀ ਪਹਿਚਾਣ ਰੱਖਦੀ ਹੈ। ਪੰਜਾਬ ਤੇ ਹਰਿਆਣਾ ‘ਚ ਆਏ ਤਾਜ਼ਾ ਹੜ੍ਹਾਂ ਦੌਰਾਨ ਵੀ ਖਾਲਸਾ ਏਡ ਵੱਲੋਂ ਅਮਰਪ੍ਰੀਤ ਸਿੰਘ ਦੀ ਅਗਵਾਈ ਹੇਠ ਸੇਵਾ ਜਾਰੀ ਹੈ।
ਇਸੇ ਦੌਰਾਨ ਖਾਲਸਾ ਏਡ ਦੀ ਭਾਰਤ ਇਕਾਈ ਦੇ ਮੁਖੀ ਅਮਰਪ੍ਰੀਤ ਸਿੰਘ ਨੇ ਸ਼ਾਮ ਵੇਲੇ ਪ੍ਰੈੱਸ ਕਾਨਫਰੰਸ ਕਰਕੇ ਏਜੰਸੀ ਵੱਲੋਂ ਉਨ੍ਹਾਂ ਦਾ ਫੋਨ ਤੇ ਕਈ ਦਸਤਾਵੇਜ਼ ਜ਼ਬਤ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ 3 ਅਗਸਤ ਨੂੰ ਦਿੱਲੀ ਸਥਿਤ ਦਫ਼ਤਰ ‘ਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਉਨ੍ਹਾਂ ਨੇ ਐੱਨ.ਆਈ.ਏ. ਦੀ ਇਸ ਕਾਰਵਾਈ ਨੂੰ ਖਾਲਸਾ ਏਡ ਵੱਲੋਂ ਕੀਤੀ ਜਾ ਰਹੀ ਸੇਵਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਾਰ ਦਿੱਤਾ। ਅਮਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਤੋਂ ਚੰਗਾ ਛਾਪੇ ਤੋਂ ਪਹਿਲਾਂ ਹੀ ਸੰਮਨ ਭੇਜ ਕੇ ਬੁਲਾ ਲਿਆ ਜਾਂਦਾ। ਉਨ੍ਹਾਂ ਕਿਹਾ ਕਿ ਛਾਪੇ ਮਾਰ ਕੇ ਉਨ੍ਹਾਂ ਨੂੰ ਡਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਐਲਾਨ ਕੀਤਾ ਕਿ ਖਾਲਸਾ ਏਡ ਵੱਲੋਂ ਪੰਜਾਬ ਅਤੇ ਹਰਿਆਣਾ ਵਿਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਸੇਵਾ ਲਈ ਚਲਾਏ ਜਾ ਰਹੇ ਕਰੀਬ 20 ਪ੍ਰਾਜੈਕਟ ਜਾਰੀ ਰਹਿਣਗੇ ਅਤੇ ਇਹ ਸੇਵਾ ਅਜਿਹੇ ਛਾਪਿਆਂ ਤੋਂ ਡਰ ਕੇ ਰੁਕਣ ਵਾਲੀ ਨਹੀਂ ਹੈ। ਪ੍ਰੈੱਸ ਕਾਨਫਰੰਸ ਦੌਰਾਨ ਮੈਨੇਜਰ ਗੁਰਪ੍ਰੀਤ ਸਿੰਘ ਵੀ ਮੌਜੂਦ ਸਨ।

Leave a comment