#INDIA

ਐੱਨ.ਆਈ.ਏ. ਵਲੋਂ ਪੰਜਾਬ ਤੇ ਹਰਿਆਣਾ ਸਮੇਤ 8 ਰਾਜਾਂ ‘ਚ 76 ਥਾਵਾਂ ‘ਤੇ ਛਾਪੇਮਾਰੀ

– ਪੰਜਾਬ ਦੇ 30 ਤੋਂ ਵੱਧ ਟਿਕਾਣਿਆਂ ‘ਤੇ ਛਾਪੇ
– ਕਈ ਹਥਿਆਰ ਤੇ ਡੇਢ ਕਰੋੜ ਤੋਂ ਵੱਧ ਨਕਦੀ ਬਰਾਮਦ
– ਐੱਨ.ਆਈ.ਏ. ਵਲੋਂ ਪਿਛਲੇ 6 ਮਹੀਨਿਆਂ ‘ਚ ਇਹ ਚੌਥੀ ਛਾਪੇਮਾਰੀ
ਨਵੀਂ ਦਿੱਲੀ, 22 ਫਰਵਰੀ (ਪੰਜਾਬ ਮੇਲ)- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਗੈਂਗਸਟਰ ਅਤੇ ਉਨ੍ਹਾਂ ਦੇ ਅਪਰਾਧਕ ਨੈੱਟਵਰਕ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਪੰਜਾਬ, ਹਰਿਆਣਾ ਸਮੇਤ 8 ਰਾਜਾਂ ‘ਚ 76 ਥਾਵਾਂ ‘ਤੇ ਛਾਪੇਮਾਰੀ ਕੀਤੀ। ਇਹ ਛਾਪੇਮਾਰੀ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਕਰੀਬੀਆਂ ਦੇ ਟਿਕਾਣਿਆਂ ‘ਤੇ ਕੀਤੀ ਗਈ। ਹਲਕਿਆਂ ਮੁਤਾਬਿਕ ਛਾਪੇਮਾਰੀ ਦੌਰਾਨ ਕਈ ਹਥਿਆਰ ਅਤੇ ਡੇਢ ਕਰੋੜ ਤੋਂ ਵੱਧ ਦੀ ਨਕਦੀ ਬਰਾਮਦ ਹੋਈ। ਹਾਸਲ ਜਾਣਕਾਰੀ ਮੁਤਾਬਿਕ ਐੱਨ.ਆਈ.ਏ. ਦੀ ਟੀਮ ਨੇ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼, ਦਿੱਲੀ ਅਤੇ ਚੰਡੀਗੜ੍ਹ, ‘ਚ 76 ਥਾਵਾਂ ‘ਤੇ ਛਾਪੇਮਾਰੀ ਕੀਤੀ। ਇਨ੍ਹਾਂ ‘ਚ ਪੰਜਾਬ ਦੇ 30 ਤੋਂ ਵੱਧ ਟਿਕਾਣੇ ਸ਼ਾਮਲ ਹਨ। ਬਠਿੰਡਾ ਦੇ ਪਿੰਡ ਮਛਾਨਾ ਦੇ ਵਸਨੀਕ ਰੱਮੀ ਮਛਾਨਾ ਅਤੇ ਮੌੜ ਮੰਡੀ ‘ਚ ਰਹਿਣ ਵਾਲੇ ਇਕ ਵਿਅਕਤੀ ਦੇ ਘਰ ਵੀ ਛਾਪੇਮਾਰੀ ਕੀਤੀ, ਜਿਸ ਬਾਰੇ ਐੱਸ.ਐੱਸ.ਪੀ. ਬਠਿੰਡਾ ਗੁਲਨੀਤ ਸਿੰਘ ਖੁਰਾਨਾ ਨੇ ਪੁਸ਼ਟੀ ਕੀਤੀ। ਹਾਲਾਂਕਿ ਛਾਪੇਮਾਰੀ ‘ਚ ਬਰਾਮਦਗੀ ਨੂੰ ਲੈ ਕੇ ਉਨ੍ਹਾਂ ਕੋਈ ਜਾਣਕਾਰੀ ਨਹੀਂ ਦਿੱਤੀ।

2. ਡਰੱਗ ਤਸਕਰਾਂ ਖਿਲਾਫ ਮੁਹਿੰਮ ਦੌਰਾਨ ਲੁਧਿਆਣਾ ‘ਚ ਤਲਾਸ਼ੀ ਲੈਂਦੇ ਹੋਏ ਪੁਲਿਸ ਅਧਿਕਾਰੀ।

ਮੁਕਤਸਰ ਜ਼ਿਲ੍ਹੇ ਦੇ ਗਿੱਦੜਬਾਹਾ ਖੇਤਰ ‘ਚ ਐੱਨ.ਆਈ.ਏ. ਦੀ ਟੀਮ ਨੇ ਯੂਥ ਅਕਾਲੀ ਦਲ ਦੇ ਨੇਤਾ ਅਤੇ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਲਖਵੀਰ ਸਿੰਘ ਲੱਖੀ ਕਿੰਗਰਾ ਦੀ ਰਿਹਾਇਸ਼ ਅਤੇ ਫਾਰਮ ਹਾਊਸ ‘ਤੇ ਵੀ ਛਾਪੇਮਾਰੀ ਕੀਤੀ। ਹਲਕਿਆਂ ਮੁਤਾਬਿਕ ਉਕਤ ਗੈਂਗਸਟਰ ‘ਤੇ ਕਤਲ ਦੇ ਕਈ ਮਾਮਲੇ ਦਰਜ ਹਨ। ਹਾਲਾਂਕਿ ਛਾਪੇਮਾਰੀ ਨੂੰ ਲੈ ਕੇ ਹਾਲੇ ਤੱਕ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੋਈ। ਲੱਖੀ ਕਿੰਗਰਾ ਤੋਂ ਇਲਾਵਾ ਲੁਧਿਆਣਾ, ਫਿਰੋਜ਼ਪੁਰ ਦੇ ਜ਼ੀਰਾ, ਗੁਰੂ ਹਰਸਹਾਏ ਅਤੇ ਤਲਵੰਡੀ ਭਾਈ ‘ਚ ਵੀ ਵੱਖ-ਵੱਖ ਥਾਵਾਂ ‘ਤੇ ਪੜਤਾਲੀਆ ਏਜੰਸੀ ਨੇ ਛਾਪੇਮਾਰੀ ਕੀਤੀ। ਮੋਗਾ ਦੇ ਐੱਸ.ਐੱਸ.ਪੀ. ਜੇ. ਈਲੇਨਚੇਲਿਅਨ ਨੇ ਵੀ ਉੱਥੇ ਛਾਪੇਮਾਰੀ ਹੋਣ ਦੀ ਪੁਸ਼ਟੀ ਕੀਤੀ।
ਐੱਨ.ਆਈ.ਏ. ਦੀ ਟੀਮ ਨੇ ਅਬੋਹਰ ਦੇ ਮਾਡਲ ਟਾਊਨ ‘ਚ ਨਰੇਸ਼ ਕੁਮਾਰ ਅਤੇ ਬੱਲੂਆਣਾ ਦੇ ਪਿੰਡ ਬਿਸ਼ਨਪੁਰਾ ‘ਚ ਦਿਲੀਪ ਬਿਸ਼ਨੋਈ ਦੀ ਰਿਹਾਇਸ਼ ‘ਤੇ ਵੀ ਛਾਪੇਮਾਰੀ ਕੀਤੀ। ਜ਼ਿਕਰਯੋਗ ਹੈ ਕਿ ਨਰੇਸ਼ ਕੁਮਾਰ ਅਪਰਾਧਿਕ ਗਤੀਵਿਧੀਆਂ ਦੇ ਕਾਰਨ ਜੇਲ੍ਹ ‘ਚ ਬੰਦ ਹੈ ਅਤੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਪਰਕ ‘ਚ ਦੱਸਿਆ ਜਾ ਰਿਹਾ ਹੈ। ਹਲਕਿਆਂ ਮੁਤਾਬਿਕ ਛਾਪੇਮਾਰੀ ਦੇ ਸਮੇਂ ਦਲੀਪ ਬਿਸ਼ਨੋਈ ਘਰ ‘ਚ ਮੌਜੂਦ ਨਹੀਂ ਸੀ। ਜਾਂਚ ਅਧਿਕਾਰੀਆਂ ਵਲੋਂ ਉਸ ਦੇ ਘਰ ਸਾਰੇ ਰਿਕਾਰਡਾਂ ਦੀ ਪੜਤਾਲ ਕੀਤੀ ਗਈ। ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆਕਾਂਡ ‘ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸੰਬੰਧ ਹੋਣ ਕਾਰਨ ਲਾਰੈਂਸ ਦੇ ਨਾਲ ਜੁੜੇ ਲੋਕਾਂ ਦੇ ਘਰ ‘ਚ ਛਾਪੇਮਾਰੀ ਹੋ ਰਹੀ ਹੈ।
ਐੱਨ.ਆਈ.ਏ. ਨੇ ਮੱਧ ਪ੍ਰਦੇਸ਼ ਦੇ ਉਜੈਨ ਤੋਂ ਯੋਗੇਸ਼ ਭਾਈ ਅਤੇ ਰਾਜਪਾਲ ਚੰਦਰਾਵਤ ਨਾਲ ਤਕਰੀਬਨ 7 ਘੰਟੇ ਪੁੱਛਗਿੱਛ ਕੀਤੀ। ਟੀਮ ਨੇ ਪੁੱਛਗਿੱਛ ਤੋਂ ਬਾਅਦ ਦੋਵਾਂ ਨੂੰ ਛੱਡ ਦਿੱਤਾ, ਪਰ ਦੋਹਾਂ ਦੇ ਮੋਬਾਈਲ ਜ਼ਬਤ ਕਰ ਲਏ। ਇਨ੍ਹਾਂ ‘ਚੋਂ ਯੋਗੇਸ਼ ਦਾ ਕੁਨੈਕਸ਼ਨ ਸਿੱਧੂ ਮੂਸੇਵਾਲਾ ਦੇ ਕਤਲ ਅਤੇ ਮੋਹਾਲੀ ‘ਚ ਪੰਜਾਬ ਪੁਲਿਸ ਇੰਟੈਲੀਜੈਂਸ ਦਫ਼ਤਰ ‘ਚ ਰਾਕੇਟ ਲਾਂਚਰ ਦਾਗਣ ਦੇ ਨਾਲ ਦੱਸਿਆ ਜਾਂਦਾ ਹੈ। ਯੋਗੇਸ਼ ਅਤੇ ਰਾਜਪਾਲ ਹਾਲੇ ਕੁਝ ਦਿਨ ਪਹਿਲਾਂ ਹੀ ਤਿਹਾੜ ਜੇਲ੍ਹ ‘ਚੋਂ ਜ਼ਮਾਨਤ ‘ਤੇ ਆਏ ਸਨ।
ਐੱਨ.ਆਈ.ਏ. ਵਲੋਂ ਪਿਛਲੇ 6 ਮਹੀਨਿਆਂ ‘ਚ ਇਹ ਚੌਥੀ ਛਾਪੇਮਾਰੀ ਹੈ। ਵੱਖ-ਵੱਖ ਸਮੇਂ ‘ਤੇ ਕੀਤੀ ਛਾਪੇਮਾਰੀ ‘ਚ ਕੀਤੀ ਪੁੱਛਗਿੱਛ ਤੋਂ ਪਤਾ ਲੱਗਦਾ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਇਸ ਤਰੀਕੇ ਨਾਲ ਕੰਮ ਕਰਦਾ ਹੈ, ਤਾਂ ਜੋ ਆਮ ਜਨਤਾ ਦੇ ਮਨ ‘ਚ ਦਹਿਸ਼ਤ ਪੈਦਾ ਹੋ ਸਕੇ। ਹਲਕਿਆਂ ਮੁਤਾਬਿਕ ਇਨ੍ਹਾਂ ਛਾਪੇਮਾਰੀਆਂ ਦੌਰਾਨ ਹੀ ਏਜੰਸੀ ਨੇ ਲਾਰੇਂਸ ਅਤੇ ਹੋਰਨਾਂ ਦੇ ਹਥਿਆਰ ਨੈੱਟਵਰਕ ਲਾ ਕੇ ਪੂਰਾ ਬਿਊਰੋ ਤਿਆਰ ਕੀਤਾ ਹੈ। ਜਾਂਚ ਏਜੰਸੀ ਨੇ ਉਨ੍ਹਾਂ ਲੋਕਾਂ ਦੀ ਵੀ ਪਛਾਣ ਕੀਤੀ ਹੈ, ਜਿਨ੍ਹਾਂ ਤੋਂ ਲਾਰੈਂਸ ਅਤੇ ਉਸ ਦੇ ਗੈਂਗ ਨੇ ਪੈਸੇ ਦੀ ਉਗਰਾਹੀ ਸ਼ੁਰੂ ਕੀਤੀ ਸੀ। ਇਨ੍ਹਾਂ ‘ਚ ਆਮ ਲੋਕ, ਕਾਰੋਬਾਰੀ, ਗਾਇਕ, ਡਾਕਟਰ, ਸ਼ਰਾਬ, ਹਥਿਆਰਾਂ ਅਤੇ ਨਸ਼ਿਆਂ ਦਾ ਧੰਦਾ ਕਰਨ ਵਾਲੇ ਸ਼ਾਮਲ ਸਨ।
ਐੱਨ.ਆਈ.ਏ. ਨੇ ਪੀਲੀਭੀਤ ਤੇ ਪੂਰਨਪੁਰ ‘ਚ ਪਿੰਡ ਅਭੈਪੁਰ ਮਾਧੋਪੁਰ ਨਿਵਾਸੀ ਅਜ਼ਾਦ ਸਿੰਘ ਦੇ ਘਰ ਤਲਾਸ਼ੀ ਲਈ। ਘਰ ਦੀ ਘੇਰਾਬੰਦੀ ਤੋਂ ਬਾਅਦ ਟੀਮ ਨੇ ਅਜ਼ਾਦ ਸਿੰਘ ਦੇ ਘਰ ਪਹੁੰਚ ਕੇ ਉਸ ਦੇ ਸੰਦੂਕ ਦੇ ਤਾਲੇ ਤੋੜ ਕੇ ਤਲਾਸ਼ੀ ਲਈ। ਇਸ ਤੋਂ ਇਲਾਵਾ ਗੁਜਰਾਤ ‘ਚ ਐੱਨ.ਆਈ.ਏ. ਨੇ ਲਾਰੈਂਸ ਬਿਸ਼ਨੋਈ ਦੇ ਕਰੀਬੀ ਕੁਲਵਿੰਦਰ ਦੀ ਰਿਹਾਇਸ਼ ‘ਤੇ ਛਾਪੇਮਾਰੀ ਕੀਤੀ। ਹਲਕਿਆਂ ਮੁਤਾਬਿਕ ਕੁਲਵਿੰਦਰ ਦੇ ਅੰਤਰਰਾਸ਼ਟਰੀ ਡਰੱਗ ਮਾਫ਼ੀਆ ਨਾਲ ਸੰਬੰਧ ਹਨ।

Leave a comment