#PUNJAB

ਐੱਨ.ਆਈ.ਏ. ਨੇ ਪੰਜਾਬੀ ਗਾਇਕ ਮਨਪ੍ਰੀਤ ਔਲਖ ਨੂੰ ਦੁਬਈ ਜਾਣ ਤੋਂ ਰੋਕਿਆ

ਚੰਡੀਗੜ੍ਹ, 6 ਮਾਰਚ (ਪੰਜਾਬ ਮੇਲ)- ਭਾਰਤ ਦੀ ਜਾਂਚ ਏਜੰਸੀ ਐੱਨ.ਆਈ.ਏ. ਨੇ ਸ਼ੁੱਕਰਵਾਰ ਸ਼ਾਮ ਨੂੰ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਦੁਬਈ ਜਾਣ ਤੋਂ ਰੋਕ ਦਿੱਤਾ। ਉਹ ਇੱਕ ਸ਼ੋਅ ਕਰਨ ਲਈ ਦੁਬਈ ਜਾ ਰਿਹਾ ਸੀ। ਇਸ ਦੌਰਾਨ ਉਸ ਤੋਂ ਪੁੱਛਗਿੱਛ ਕੀਤੀ ਗਈ। ਘਰ ਵਾਪਸੀ ਤੋਂ ਬਾਅਦ ਮਨਕੀਰਤ ਔਲਖ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਪਾ ਕੇ ਆਪਣਾ ਦੁਬਈ ਸ਼ੋਅ ਰੱਦ ਕਰਨ ਦੀ ਜਾਣਕਾਰੀ ਦਿੱਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਮਨਕੀਰਤ ਔਲਖ ਸ਼ੁੱਕਰਵਾਰ ਸ਼ਾਮ ਨੂੰ ਦੁਬਈ ਦੇ ‘ਵੀ’ ਕਲੱਬ ਵਿਚ ਸ਼ੋਅ ਕਰਨ ਲਈ ਚੰਡੀਗੜ੍ਹ ਤੋਂ ਰਵਾਨਾ ਹੋਣ ਵਾਲਾ ਸੀ ਪਰ ਜਦੋਂ ਉਹ ਇਮੀਗ੍ਰੇਸ਼ਨ ਲਈ ਚੰਡੀਗੜ੍ਹ ਏਅਰਪੋਰਟ ਪਹੁੰਚਿਆ, ਤਾਂ ਐੱਨ.ਆਈ.ਏ. ਦੀ ਟੀਮ ਉਥੇ ਪਹਿਲਾਂ ਤੋਂ ਹੀ ਮੌਜੂਦ ਸੀ। ਮਨਕੀਰਤ ਔਲਖ ਨੂੰ ਏਅਰਪੋਰਟ ‘ਤੇ ਰੋਕ ਲਿਆ ਗਿਆ। ਐੱਨ.ਆਈ.ਏ. ਨੇ ਉਸ ਤੋਂ ਪੁੱਛਗਿੱਛ ਕੀਤੀ ਅਤੇ ਅੰਤ ਵਿਚ ਦੇਰ ਸ਼ਾਮ ਉਸ ਦਾ ਪਾਸਪੋਰਟ ਉਸ ਨੂੰ ਵਾਪਸ ਕਰ ਦਿੱਤਾ ਗਿਆ। ਫਲਾਈਟ ਦੇ ਰਵਾਨਗੀ ਤੋਂ ਬਾਅਦ ਮਨਕੀਰਤ ਨੂੰ ਵਾਪਸ ਆਪਣੇ ਫਲੈਟ ‘ਤੇ ਆਉਣਾ ਪਿਆ।
ਮਨਕੀਰਤ ਔਲਖ ਨੇ ਰਾਤ ਨੂੰ ਇਸ ਦੀ ਵੀਡੀਓ ਰਿਕਾਰਡ ਕਰਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕਰ ਦਿੱਤੀ। ਜਿਸ ‘ਚ ਉਨ੍ਹਾਂ ਨੇ ਦੁਬਈ ‘ਚ ਆਪਣੇ ਪ੍ਰਸ਼ੰਸਕਾਂ ਤੋਂ ਮੁਆਫੀ ਮੰਗੀ ਹੈ। ਉਨ੍ਹਾਂ ਸ਼ੁੱਕਰਵਾਰ ਨੂੰ ਚੰਡੀਗੜ੍ਹ ਤੋਂ ਉਡਾਣ ਨਾ ਭਰਨ ਦਾ ਕਾਰਨ ਤਾਂ ਸਪੱਸ਼ਟ ਨਹੀਂ ਕੀਤਾ ਪਰ ਤਕਨੀਕੀ ਕਾਰਨ ਦੱਸਦਿਆਂ ਇਸ ਤੋਂ ਪੱਲਾ ਝਾੜ ਲਿਆ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਜਲਦੀ ਹੀ ਉਹ ਇਸ ਸ਼ੋਅ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਕਰਨਗੇ। ਘਟਨਾ ਤੋਂ ਬਾਅਦ ਨਾ ਤਾਂ ਮਨਕੀਰਤ ਅਤੇ ਨਾ ਹੀ ਐੱਨ.ਆਈ.ਏ. ਨੇ ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ। ਐੱਨ.ਆਈ.ਏ. ਨੇ ਮਨਕੀਰਤ ਨੂੰ ਕਿਉਂ ਰੋਕਿਆ ਅਤੇ ਕਿਸ ਮਾਮਲੇ ਵਿਚ ਉਸ ਤੋਂ ਪੁੱਛ-ਪੜਤਾਲ ਕੀਤੀ ਗਈ, ਇਸ ਬਾਰੇ ਅਜੇ ਕੁਝ ਸਪੱਸ਼ਟ ਨਹੀਂ ਹੋਇਆ ਹੈ। ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਐੱਨ.ਆਈ.ਏ. ਪਹਿਲਾਂ ਹੀ ਮਨਕੀਰਤ ਤੋਂ ਪੁੱਛਗਿੱਛ ਕਰ ਚੁੱਕੀ ਹੈ। ਦੂਜੇ ਪਾਸੇ ਮਨਕੀਰਤ ਉਹੀ ਗਾਇਕ ਹੈ, ਜਿਸ ‘ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸ਼ੱਕ ਜ਼ਾਹਰ ਕਰਦੇ ਹਨ।

Leave a comment