#AMERICA

ਐੱਚ-1ਬੀ ਵੀਜ਼ਾ ਧਾਰਕਾਂ ਲਈ ਗ੍ਰੇਸ ਪੀਰੀਅਡ ਵਧਾਉਣ ਲਈ ਆਨਲਾਈਨ ਪਟੀਸ਼ਨ ਸ਼ੁਰੂ

ਵਾਸ਼ਿੰਗਟਨ, 9 ਫਰਵਰੀ (ਪੰਜਾਬ ਮੇਲ)- ਅਮਰੀਕਾ ਦੇ ਤਕਨੀਕੀ ਖੇਤਰ ਵਿਚ ਵੱਡੀ ਗਿਣਤੀ ਵਿਚ ਛਾਂਟੀ ਕਾਰਨ ਭਾਰਤੀ ਪੇਸ਼ੇਵਰ ਬੇਰੁਜ਼ਗਾਰ ਹੋ ਗਏ ਹਨ। ਇਸ ਮਗਰੋਂ ਦੋ ਭਾਰਤੀ-ਅਮਰੀਕੀ ਸੰਗਠਨਾਂ ਨੇ ਇਕ ਆਨਲਾਈਨ ਪਟੀਸ਼ਨ ਸ਼ੁਰੂ ਕੀਤੀ ਹੈ, ਜਿਸ ਵਿਚ ਰਾਸ਼ਟਰਪਤੀ ਜੋਅ ਬਾਇਡਨ ਨੂੰ ਐੱਚ-1ਬੀ ਵੀਜ਼ਾ ਦੀ ਗ੍ਰੇਸ ਪੀਰੀਅਡ ਵਧਾਉਣ ਦੀ ਅਪੀਲ ਕੀਤੀ ਗਈ ਹੈ। ਪਟੀਸ਼ਨ ਮੁਤਾਬਕ ਗ੍ਰੇਸ ਪੀਰੀਅਡ ਦੋ ਮਹੀਨੇ ਤੋਂ ਵਧਾ ਕੇ ਹੁਣ ਇਕ ਸਾਲ ਕਰਨ ਦੀ ਮੰਗ ਕੀਤੀ ਗਈ ਹੈ। ਇਸ ਦਾ ਮਤਲਬ ਹੈ ਕਿ ਇਕ ਵਾਰ ਨੌਕਰੀ ਤੋਂ ਕੱਢੇ ਜਾਣ ‘ਤੇ ਐੱਚ-1ਬੀ ਵੀਜ਼ਾ ‘ਤੇ ਵਿਦੇਸ਼ੀ ਤਕਨੀਕੀ ਕਰਮਚਾਰੀ ਕੋਲ ਨਵੀਂ ਨੌਕਰੀ ਲੱਭਣ ਲਈ 60 ਦਿਨਾਂ ਦੀ ਮੌਜੂਦਾ ਮਿਆਦ ਦੀ ਬਜਾਏ ਇਕ ਸਾਲ ਦਾ ਸਮਾਂ ਹੋਵੇਗਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦੇਸ਼ ਛੱਡਣਾ ਹੋਵੇਗਾ।
ਆਨਲਾਈਨ ਪਟੀਸ਼ਨ ‘ਤੇ ਹੁਣ ਤੱਕ 2,200 ਤੋਂ ਵੱਧ ਲੋਕਾਂ ਦੁਆਰਾ ਦਸਤਖ਼ਤ ਕੀਤੇ ਜਾ ਚੁੱਕੇ ਹਨ। ਇਸ ਦੌਰਾਨ ਵਿਦੇਸ਼ੀ ਭਾਰਤੀਆਂ ਦੇ ਇਕ ਫੇਸਬੁੱਕ ਸਮੂਹ ਨੇ ਇੱਕ ਹੋਰ ਪਟੀਸ਼ਨ ਸ਼ੁਰੂ ਕੀਤੀ ਹੈ, ਜਿਸ ਵਿਚ ਭਾਰਤ ਸਰਕਾਰ ਨੂੰ ਅਮਰੀਕਾ ਵਿਚ ਨੌਕਰੀ ਤੋਂ ਹਟਾਏ ਗਏ ਭਾਰਤੀ ਤਕਨੀਕੀ ਕਰਮਚਾਰੀਆਂ ਨੂੰ ਨਿਯੁਕਤ ਕਰਨ ਦੀ ਅਪੀਲ ਕੀਤੀ ਗਈ ਹੈ।
ਐੱਚ-1ਬੀ ਵੀਜ਼ਾ ਇਕ ਗੈਰ-ਪ੍ਰਵਾਸੀ ਵੀਜ਼ਾ ਹੈ, ਜੋ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਕਿੱਤਿਆਂ ਵਿਚ ਵਿਦੇਸ਼ੀ ਕਰਮਚਾਰੀਆਂ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਦਿੰਦਾ ਹੈ, ਜਿਨ੍ਹਾਂ ਲਈ ਸਿਧਾਂਤਕ ਜਾਂ ਤਕਨੀਕੀ ਮੁਹਾਰਤ ਦੀ ਲੋੜ ਹੁੰਦੀ ਹੈ। ਤਕਨੀਕੀ ਕੰਪਨੀਆਂ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਕਰਮਚਾਰੀਆਂ ਨੂੰ ਨਿਯੁਕਤ ਕਰਨ ਲਈ ਇਸ ‘ਤੇ ਨਿਰਭਰ ਕਰਦੀਆਂ ਹਨ।

Leave a comment