#AMERICA

ਐਲੋਨ ਮਸਕ ਫਿਰ ਬਣੇ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ

ਫਰਾਂਸੀਸੀ ਉਦਯੋਗਪਤੀ ਬਰਨਾਰਡ ਅਰਨੌਲਟ ਨੂੰ ਪਿੱਛੇ ਛੱਡਿਆ
ਵਾਸ਼ਿੰਗਟਨ, 3 ਜੂਨ (ਪੰਜਾਬ ਮੇਲ)- ਫਰਾਂਸੀਸੀ ਉਦਯੋਗਪਤੀ ਬਰਨਾਰਡ ਅਰਨੌਲਟ ਨੂੰ ਪਿੱਛੇ ਛੱਡਦੇ ਹੋਏ ਐਲੋਨ ਮਸਕ ਇੱਕ ਵਾਰ ਫਿਰ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। 192 ਬਿਲੀਅਨ ਡਾਲਰ ਦੀ ਸੰਪਤੀ ਦੇ ਨਾਲ, ਉਹ ਅਰਬਪਤੀਆਂ ਦੀ ਸੂਚੀ ਵਿਚ ਪਹਿਲੇ ਸਥਾਨ ‘ਤੇ ਕਾਬਜ਼ ਹੈ। ਇਸ ਦੇ ਨਾਲ ਹੀ, ਬਰਨਾਰਡ ਅਰਨੌਲਟ ਹੁਣ 187 ਬਿਲੀਅਨ ਡਾਲਰ ਦੀ ਜਾਇਦਾਦ ਦੇ ਨਾਲ ਦੂਜੇ ਨੰਬਰ ‘ਤੇ ਖਿਸਕ ਗਏ ਹਨ। ਬਰਨਾਰਡ ਅਰਨੌਲਟ ਐੱਲ.ਵੀ.ਐੱਮ.ਐੱਚ. ਦੇ ਸ਼ੇਅਰਾਂ ਵਿਚ 2.6 ਪ੍ਰਤੀਸ਼ਤ ਦੀ ਗਿਰਾਵਟ ਆਈ।
ਬਲੂਮਬਰਗ ਬਿਲੀਨੇਅਰਸ ਇੰਡੈਕਸ ਵਿਚ ਇਸ ਸਾਲ ਚੋਟੀ ਦੇ ਸਥਾਨ ਲਈ ਮੁਕਾਬਲਾ ਵੇਖਿਆ ਜਾ ਰਿਹਾ ਸੀ। ਕਦੇ ਏਲੋਨ ਮਸਕ ਤੇ ਕਦੇ ਬਰਨਾਰਡ ਅਰਨੌਲਟ ਚੋਟੀ ਦੇ ਸਥਾਨ ‘ਤੇ ਰਹੇ। ਹਾਲਾਂਕਿ, ਇਸ ਸਾਲ ਲੰਬੇ ਸਮੇਂ ਤੱਕ, ਬਰਨਾਰਡ ਅਰਨੌਲਟ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਰਹੇ ਅਤੇ ਐਲੋਨ ਮਸਕ ਦੂਜੇ ਸਥਾਨ ‘ਤੇ ਸੀ।
ਪਿਛਲੇ ਸਾਲ ਅਮੀਰਾਂ ਦੀ ਸੂਚੀ ‘ਚ ਦੂਜੇ ਨੰਬਰ ‘ਤੇ ਖਿਸਕਣ ਵਾਲੇ ਐਲੋਨ ਮਸਕ ਦੀ ਸੰਪਤੀ 2023 ‘ਚ ਜ਼ਬਰਦਸਤ ਵਧੀ ਹੈ। ਇਸ ਦਾ ਮੁੱਖ ਕਾਰਨ ਉਸ ਦੀ ਆਟੋ ਕੰਪਨੀ ਟੇਸਲਾ ਦੇ ਸ਼ੇਅਰਾਂ ‘ਚ ਵਾਧਾ ਰਿਹਾ ਹੈ। ਇਸ ਸਾਲ, ਟੇਸਲਾ ਦੇ ਸਟਾਕਾਂ ਵਿਚ 90 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਕਾਰਨ ਐਲੋਨ ਮਸਕ ਨੇ 2023 ‘ਚ ਹੀ ਆਪਣੀ ਸੰਪਤੀ ‘ਚ 36 ਫੀਸਦੀ ਯਾਨੀ 50 ਅਰਬ ਡਾਲਰ ਦਾ ਵਾਧਾ ਕੀਤਾ।
ਬਰਨਾਰਡ ਅਰਨੌਲਟ 74 ਸਾਲ ਦਾ ਇੱਕ ਫ੍ਰੈਂਚ ਕਾਰੋਬਾਰੀ ਹੈ। ਦਸੰਬਰ 2022 ਵਿਚ ਉਹ ਮਸਕ ਨੂੰ ਪਿੱਛੇ ਛੱਡ ਕੇ ਪਹਿਲੀ ਵਾਰ ਦੁਨੀਆਂ ਦਾ ਸਭ ਤੋਂ ਅਮੀਰ ਵਿਅਕਤੀ ਬਣ ਗਿਆ। ਅਰਨੌਲਟ ਨੇ ਐੱਲ.ਵੀ.ਐੱਮ.ਐੱਚ. ਦੀ ਸਥਾਪਨਾ ਕੀਤੀ, ਜੋ ਕਿ ਲੁਈਸ ਵਿਟਨ, ਫੇਂਡੀ ਅਤੇ ਹੈਨੇਸੀ ਸਮੇਤ ਬ੍ਰਾਂਡਾਂ ਦਾ ਮਾਲਕ ਹੈ। ਬਲੂਮਬਰਗ ਨਿਊਜ਼ ਏਜੰਸੀ ਮੁਤਾਬਕ ਚੀਨ ਦੇ ਮਹੱਤਵਪੂਰਨ ਬਾਜ਼ਾਰ ‘ਚ ਧੀਮੀ ਆਰਥਿਕ ਵਿਕਾਸ ਦੇ ਵਿਚਾਲੇ ਲਗਜ਼ਰੀ ਸੈਕਟਰ ‘ਚ ਗਿਰਾਵਟ ਆਈ ਹੈ। ਅਜਿਹੇ ‘ਚ ਐੱਲ.ਵੀ.ਐੱਮ.ਐੱਚ. ਦੇ ਸ਼ੇਅਰ ਅਪ੍ਰੈਲ ਤੋਂ ਲਗਭਗ 10 ਫੀਸਦੀ ਤੱਕ ਡਿੱਗ ਚੁੱਕੇ ਹਨ।

Leave a comment