#AMERICA

ਐਲਕ ਗਰੋਵ ਸਿਟੀ ਵੱਲੋਂ ਸਾਲਾਨਾ ਮਲਟੀਕਲਚਰਲ ਮੇਲੇ ਦਾ ਆਯੋਜਨ

ਸੈਕਰਾਮੈਂਟੋ, 13 ਸਤੰਬਰ (ਪੰਜਾਬ ਮੇਲ)- ਐਲਕ ਗਰੋਵ ਸਿਟੀ ਵੱਲੋਂ 12ਵਾਂ ਸਾਲਾਨਾ ਮਲਟੀਕਲਚਰਲ ਮੇਲਾ 56 ਡਿਸਟ੍ਰਿਕ ਵਿਖੇ ਕਰਵਾਇਆ ਗਿਆ। ਜਿਸ ਵਿਚ ਵੱਖ-ਵੱਖ ਦੇਸ਼ਾਂ, ਧਰਮਾਂ, ਫਿਰਕਿਆਂ, ਜਾਤਾਂ ਦੇ ਲੋਕਾਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ। ਜਿੱਥੇ ਇਨ੍ਹਾਂ ਕਲਾਕਾਰਾਂ ਨੇ ਆਪਣੇ ਦੇਸ਼ ਦੇ ਵਿਰਸੇ ਅਤੇ ਸੱਭਿਆਚਾਰ ਨੂੰ ਆਏ ਦਰਸ਼ਕਾਂ ਸਾਹਮਣੇ ਪੇਸ਼ ਕੀਤਾ, ਉਥੇ ਭਰਾਤਰੀ ਏਕਤਾ ਦਾ ਸੰਦੇਸ਼ ਵੀ ਦਿੱਤਾ। ਸਮਾਗਮ ਦੀ ਸ਼ੁਰੂਆਤ ਵੱਖ-ਵੱਖ ਧਰਮਾਂ ਦੇ ਆਗੂਆਂ ਵੱਲੋਂ ਅਰਦਾਸ ਕਰਕੇ ਕੀਤੀ ਗਈ। ਮੇਅਰ ਬੌਬੀ ਸਿੰਘ ਐਲਨ ਨੇ ਇਸ ਮੌਕੇ ਆਏ ਹੋਏ ਸਮੂਹ ਦਰਸ਼ਕਾਂ ਨੂੰ ਵਧਾਈ ਸੰਦੇਸ਼ ਦਿੱਤਾ ਅਤੇ ਆਪਸੀ ਭਾਈਚਾਰਾ ਬਣਾਈ ਰੱਖਣ ਦੀ ਅਪੀਲ ਕੀਤੀ। ਕਮਿਸ਼ਨਰ ਗੁਰਜਤਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਹੋਰ ਵੀ ਆਗੂ ਸਟੇਜ ‘ਤੇ ਹਾਜ਼ਰ ਸਨ। ਇਸ ਮੌਕੇ ਸੱਭਿਆਚਾਰਕ ਵੰਨਗੀਆਂ ਤੋਂ ਇਲਾਵਾ 100 ਤੋਂ ਵੱਧ ਵੱਖ-ਵੱਖ ਸਟਾਲ ਲਾਏ ਗਏ, ਜਿੱਥੇ ਸੱਭਿਆਚਾਰਕ ਅਤੇ ਵਿਰਸੇ ਦੀਆਂ ਨੁਮਾਇਸ਼ਾਂ ਦੇਖਣ ਨੂੰ ਮਿਲੀਆਂ। ਪੂਰਾ ਸਮਾਗਮ ਇਕ ਅਲੌਕਿਕ ਦ੍ਰਿਸ਼ ਪੇਸ਼ ਕਰ ਰਿਹਾ ਸੀ, ਜਿੱਥੇ ਦੁਨੀਆਂ ਦੇ ਵੱਖ-ਵੱਖ ਕੋਨਿਆਂ ਤੋਂ ਆਏ ਲੋਕ ਇਕ ਛੱਤ ਹੇਠ ਬੈਠੇ ਸਨ ਅਤੇ ਇਕ ਦੂਜੇ ਦੇ ਵਿਰਸੇ ਅਤੇ ਸੱਭਿਆਚਾਰ ਨੂੰ ਜਾਣਨ ਲਈ ਉਤਸੁਕ ਸਨ।
ਡਾਇਵਰਸਿਟੀ ਐਂਡ ਇਨਕਲਿਊਜ਼ਨ ਕਮਿਸ਼ਨਰ ਵੱਲੋਂ ਸਿਟੀ ਆਫ ਐਲਕ ਗਰੋਵ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਮੇਲੇ ਨੂੰ ਕਾਮਯਾਬੀ ਨਾਲ ਨੇਪਰੇ ਚਾੜ੍ਹਿਆ ਗਿਆ।

Leave a comment