#AMERICA

‘ਐਪਲ’ ਅਮਰੀਕਾ ਤੋਂ ਬਾਅਦ ਹੁਣ ਭਾਰਤ ‘ਚ ਲਾਂਚ ਕਰੇਗਾ ਆਪਣਾ ਕ੍ਰੈਡਿਟ ਕਾਰਡ

ਵਾਸ਼ਿੰਗਟਨ, 28 ਜੂਨ (ਪੰਜਾਬ ਮੇਲ)- ਆਈਫੋਨ ਬਣਾਉਣ ਵਾਲੀ ਕੰਪਨੀ ਐਪਲ ਹਰ ਸਾਲ ਨਵਾਂ ਆਈਫੋਨ ਲਾਂਚ ਕਰਦੀ ਹੈ, ਇਸ ਦੇ ਨਾਲ ਹੀ ਐਪਲ ਇਸ ਵਾਰ ਨਵਾਂ ਪ੍ਰੋਡਕਟ ਲਿਆਉਣ ਜਾ ਰਹੀ ਹੈ। ਐਪਲ ਭਾਰਤ ‘ਚ ਆਪਣਾ ਕ੍ਰੈਡਿਟ ਕਾਰਡ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਦੱਸ ਦੇਈਏ ਕਿ ਇਸ ਕ੍ਰੈਡਿਟ ਕਾਰਡ ਨੂੰ ਐਪਲ ਕਾਰਡ ਦੇ ਨਾਂ ਨਾਲ ਜਾਣਿਆ ਜਾਵੇਗਾ। ਮਨੀਕੰਟਰੋਲ ਨੇ ਆਪਣੀ ਇਕ ਰਿਪੋਰਟ ‘ਚ ਸੂਤਰਾਂ ਦੇ ਹਵਾਲੇ ਤੋਂ ਕਿਹਾ ਹੈ ਕਿ ਐਪਲ ਇਸ ਕਾਰਡ ਲਈ ਐੱਚ.ਡੀ.ਐੱਫ.ਸੀ. ਬੈਂਕ ਨਾਲ ਸਮਝੌਤਾ ਕਰਨ ਦੀ ਯੋਜਨਾ ਬਣਾ ਰਿਹਾ ਹੈ। ਵਰਤਮਾਨ ‘ਚ ਐਪਲ ਇਸ ਕਾਰਡ ਨੂੰ ਅਮਰੀਕਾ ਵਿਚ ਚਲਾ ਰਿਹਾ ਹੈ।
‘ਐਪਲ ਕਾਰਡ’ ਦੀ ਵਰਤੋਂ ਕਰਨ ਵਾਲੇ ਗਾਹਕ 1% ਤੱਕ ਕੈਸ਼ਬੈਕ ਕਮਾ ਸਕਦੇ ਹਨ, ਜੋ ‘ਐਪਲ ਪੇਅ’ ਨਾਲ ਭੁਗਤਾਨ ਕਰਨ ‘ਤੇ 2% ਤੱਕ ਵੱਧ ਜਾਂਦਾ ਹੈ। ਐਪਲ ਸਟੋਰਾਂ ਅਤੇ ਚੁਣੇ ਹੋਏ ਭਾਗੀਦਾਰਾਂ ‘ਤੇ ਭੁਗਤਾਨ ਕਰਨ ਲਈ ਕਾਰਡ ਦੀ ਵਰਤੋਂ ਕਰਨ ਵਾਲਿਆਂ ਲਈ ਕੈਸ਼ਬੈਕ 3% ਤੱਕ ਪਹੁੰਚ ਜਾਂਦਾ ਹੈ। ਦੱਸ ਦੇਈਏ ਕਿ ਐਪਲ ਆਪਣੇ ਕਾਰਡ ਧਾਰਕਾਂ ਤੋਂ ਕੋਈ ਲੇਟ ਫੀਸ ਨਹੀਂ ਲੈਂਦਾ ਹੈ ਤੇ ਨਾ ਹੀ ਕੋਈ ਸਾਲਾਨਾ ਕ੍ਰੈਡਿਟ ਕਾਰਡ ਫੀਸ ਦਾ ਭੁਗਤਾਨ ਕਰਦਾ ਹੈ। ਐਪਲ ਨੇ ਕੁਝ ਮਹੀਨੇ ਪਹਿਲਾਂ ਹੀ ਭਾਰਤ ‘ਚ ਆਪਣੇ ਸਟੋਰ ਲਾਂਚ ਕੀਤੇ ਹਨ। ਰਿਪੋਰਟਾਂ ਦੇ ਅਨੁਸਾਰ ਸੀ.ਈ.ਓ. ਟਿਮ ਕੁੱਕ ਨੇ ਐਪਲ ਸਟੋਰਸ ਦੇ ਲਾਂਚ ਦੌਰਾਨ ਐੱਚ.ਡੀ.ਐੱਫ.ਸੀ. ਬੈਂਕ ਦੇ ਸੀ.ਈ.ਓ. ਤੇ ਐੱਮ.ਡੀ. ਸ਼ਸ਼ੀਧਰ ਜਗਦੀਸ਼ਨ ਨਾਲ ਮੁਲਾਕਾਤ ਕੀਤੀ ਸੀ।

Leave a comment