ਰੋਮ, 26 ਮਈ (ਪੰਜਾਬ ਮੇਲ)- ਪੋਪ ਲਿਓ 14 ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਦੁਨੀਆਂ ਨੂੰ ਵੱਡੀ ਚੇਤਾਵਨੀ ਦਿੱਤੀ ਹੈ। ਪੋਪ ਨੇ ਕਿਹਾ ਕਿ ਏ.ਆਈ. ਦੇ ਤੇਜ਼ੀ ਨਾਲ ਵਧਦੇ ਇਸਤੇਮਾਲ ਕਾਰਨ ਕੁਝ ਅਜਿਹੇ ਹਥਿਆਰ ਬਣ ਰਹੇ ਹਨ, ਜੋ ਮਨੁੱਖੀ ਕੰਟਰੋਲ ਤੋਂ ਵੀ ਬਾਹਰ ਜਾ ਸਕਦੇ ਹਨ। ਉਨ੍ਹਾਂ ਨੇ ਦੁਨੀਆਂ ਭਰ ਦੀਆਂ ਸਰਕਾਰਾਂ ਨੂੰ ਏ.ਆਈ. ‘ਤੇ ਸਖ਼ਤ ਨਿਯਮ ਬਣਾਉਣ ਦੀ ਅਪੀਲ ਕੀਤੀ ਹੈ।
ਪੋਪ ਨੇ ਕਿਹਾ ਕਿ ਜੇਕਰ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਬਿਨਾਂ ਨਿਯਮਾਂ ਦੇ ਛੱਡ ਦਿੱਤਾ ਗਿਆ, ਤਾਂ ਭਵਿੱਖ ਵਿਚ ਇਹ ਮਨੁੱਖਤਾ ਲਈ ਖ਼ਤਰਾ ਬਣ ਸਕਦੀ ਹੈ। ਖ਼ਾਸ ਕਰਕੇ ਜੰਗੀ ਤਕਨਾਲੋਜੀ ਵਿਚ ਏ.ਆਈ. ਦੇ ਇਸਤੇਮਾਲ ਨੂੰ ਲੈ ਕੇ ਉਨ੍ਹਾਂ ਨੇ ਗੰਭੀਰ ਚਿੰਤਾ ਜਤਾਈ।
ਉਨ੍ਹਾਂ ਦੇ ਮੁਤਾਬਕ ਅੱਜ ਕਈ ਅਜਿਹੇ ਆਟੋਮੇਟਿਡ ਹਥਿਆਰ ਪ੍ਰਣਾਲੀਆਂ ਤਿਆਰ ਹੋ ਰਹੇ ਹਨ, ਜੋ ਆਪਣੇ ਆਪ ਟਾਰਗੇਟ ਚੁਣ ਸਕਦੇ ਹਨ ਅਤੇ ਹਮਲੇ ਕਰ ਸਕਦੇ ਹਨ। ਪੋਪ ਨੇ ਕਿਹਾ ਕਿ ਜੰਗ ਅਤੇ ਹਥਿਆਰਾਂ ਨਾਲ ਜੁੜੇ ਫ਼ੈਸਲੇ ਹਮੇਸ਼ਾਂ ਇਨਸਾਨੀ ਜ਼ਿੰਮੇਵਾਰੀ ਹੇਠ ਰਹਿਣੇ ਚਾਹੀਦੇ ਹਨ, ਨਾ ਕਿ ਮਸ਼ੀਨਾਂ ਦੇ ਹਵਾਲੇ।
ਪੋਪ ਨੇ ਇਹ ਵੀ ਕਿਹਾ ਕਿ ਏ.ਆਈ. ਸਿਰਫ਼ ਤਕਨਾਲੋਜੀ ਦਾ ਮਸਲਾ ਨਹੀਂ, ਸਗੋਂ ਇਹ ਮਨੁੱਖੀ ਅਧਿਕਾਰਾਂ, ਨੈਤਿਕਤਾ ਅਤੇ ਲੋਕਾਂ ਦੀ ਸੁਰੱਖਿਆ ਨਾਲ ਵੀ ਜੁੜਿਆ ਹੋਇਆ ਹੈ। ਉਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ‘ਤੇ ਇਕੱਠੇ ਹੋ ਕੇ ਏ.ਆਈ. ਲਈ ਸਾਂਝੇ ਕਾਨੂੰਨ ਬਣਾਉਣ ਦੀ ਮੰਗ ਕੀਤੀ।
ਦੁਨੀਆਂ ਭਰ ਵਿਚ ਇਸ ਵੇਲੇ ਏ.ਆਈ. ਨੂੰ ਲੈ ਕੇ ਵੱਡੀ ਚਰਚਾ ਚੱਲ ਰਹੀ ਹੈ। ਅਮਰੀਕਾ, ਯੂਰਪ ਅਤੇ ਚੀਨ ਵਰਗੇ ਦੇਸ਼ ਤੇਜ਼ੀ ਨਾਲ ਏ.ਆਈ. ਤਕਨਾਲੋਜੀ ਵਿਚ ਅੱਗੇ ਵੱਧ ਰਹੇ ਹਨ, ਜਦਕਿ ਕਈ ਮਾਹਿਰ ਚੇਤਾਵਨੀ ਦੇ ਰਹੇ ਹਨ ਕਿ ਬਿਨਾਂ ਨਿਯਮਾਂ ਦੇ ਇਹ ਤਕਨਾਲੋਜੀ ਭਵਿੱਖ ਵਿਚ ਵੱਡੇ ਖ਼ਤਰੇ ਪੈਦਾ ਕਰ ਸਕਦੀ ਹੈ।
ਏ.ਆਈ. ਹਥਿਆਰਾਂ ਨੂੰ ਲੈ ਕੇ ਪੋਪ ਦੀ ਵੱਡੀ ਚੇਤਾਵਨੀ

