#AMERICA

ਏਅਰ ਇੰਡੀਆ ਵਲੋਂ ਦੁਨੀਆਂ ਦਾ ਹੁਣ ਤੱਕ ਸਭ ਤੋਂ ਵੱਡਾ ਇਤਿਹਾਸਕ ਸੌਦਾ

-ਖਰੀਦੇਗੀ 470 ਜਹਾਜ਼
ਵਾਸ਼ਿੰਗਟਨ, 15 ਫਰਵਰੀ (ਪੰਜਾਬ ਮੇਲ)- ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰ ਇੰਡੀਆ ਨੇ 470 ਜਹਾਜ਼ਾਂ ਦੇ ਸੌਦੇ ਨਾਲ ਦੁਨੀਆਂ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸੌਦਾ ਕੀਤਾ। ਇਸ ਨਾਲ ਉਸ ਨੇ ਫਰਾਂਸ ਦੀ ਕੰਪਨੀ ਏਅਰਬੱਸ ਅਤੇ ਅਮਰੀਕੀ ਕੰਪਨੀ ਬੋਇੰਗ ਨਾਲ ਸੌਦੇ ਕੀਤੇ ਹਨ। ਏਅਰ ਇੰਡੀਆ ਨੂੰ ਏਅਰਬੱਸ 240 ਅਤੇ ਬੋਇੰਗ 220 ਜਹਾਜ਼ ਦੇਣਗੀਆਂ। ਏਅਰਬੱਸ ਇਸ ਸਾਲ ਦੇ ਅੰਤ ਤੱਕ ਪਹਿਲਾ ਜਹਾਜ਼ ਏਅਰ ਇੰਡੀਆ ਨੂੰ ਸੌਂਪ ਦੇਵੇਗੀ ਅਤੇ ਏਅਰ ਇੰਡੀਆ ਵਿਚ ਬਾਕੀ ਜਹਾਜ਼ 2025 ਦੇ ਅੱਧ ਤੋਂ ਸ਼ਾਮਿਲ ਕੀਤੇ ਜਾਣਗੇ। ਜਾਣਕਾਰੀ ਅਨੁਸਾਰ ਇਹ ਸੌਦੇ 6.40 ਲੱਖ ਕਰੋੜ ਰੁਪਏ ਤੋਂ ਵੱਧ ਦੇ ਹਨ। ਜਾਣਕਾਰੀ ਅਨੁਸਾਰ ਏਅਰਬੱਸ ਨਾਲ ਹੋਇਆ ਸੌਦਾ ਲਗਪਗ 100 ਅਰਬ ਡਾਲਰ ਦਾ ਹੈ। ਇਸ ਤਹਿਤ 40 ਵਾਈਡ ਬਾਡੀ ਏ350 ਜਹਾਜ਼, 210 ਨੈਰੋਬਾਡੀ ਸਿੰਗਲ ਆਈਜਲ ਏ320 ਨਿਯੋਸ ਜਹਾਜ਼ ਮਿਲਣਗੇ। ਦੂਸਰੇ ਪਾਸੇ ਬੋਇੰਗ ਨਾਲ 34 ਅਰਬ ਡਾਲਰ ਦਾ ਸੌਦਾ ਹੋਇਆ ਹੈ, ਇਸ ਤਹਿਤ ਏਅਰ ਇੰਡੀਆ ਨੂੰ 190 ਬੀ737 ਮੈਕਸ ਜਹਾਜ਼, 20ਬੀ787 ਅਤੇ 10 ਬੀ777 ਮੈਕਸ ਜਹਾਜ਼ ਮਿਲਣਗੇ। ਇਸ ਤੋਂ ਇਲਾਵਾ ਏਅਰ ਇੰਡੀਆ ਕੋਲ ਬੋਇੰਗ ਕੋਲੋਂ 70 ਹੋਰ ਜਹਾਜ਼ ਖਰੀਦਣ ਦਾ ਵਿਕਲਪ ਹੈ, ਜਿਸ ਨਾਲ ਸੌਦੇ ਦਾ ਕੁੱਲ ਬਜਟ 45.9 ਅਰਬ ਡਾਲਰ ਹੋ ਜਾਵੇਗਾ, ਭਾਵ 3.80 ਲੱਖ ਕਰੋੜ ਰੁਪਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਸਮੇਤ ਹੋਰ ਅਧਿਕਾਰੀਆਂ ਦੀ ਹਾਜ਼ਰੀ ‘ਚ ਇਕ ਵਰਚੁਅਲ ਸਮਾਗਮ ਦੌਰਾਨ ਇਹ ਕਰਾਰ ਹੋਇਆ। ਚੰਦਰਸੇਕਰਨ ਨੇ ਕਿਹਾ ਕਿ ਵਾਈਡ-ਬਾਡੀ ਵਾਲੇ ਜਹਾਜ਼ਾਂ ਦੀ ਵਰਤੋਂ ਅਤਿ-ਲੰਬੀ ਦੂਰੀ ਦੀਆਂ ਉਡਾਣਾਂ ਲਈ ਕੀਤੀ ਜਾਵੇਗੀ। ਆਮ ਤੌਰ ‘ਤੇ ਜਿਨ੍ਹਾਂ ਉਡਾਣਾਂ ਦਾ ਸਮਾਂ 16 ਘੰਟਿਆਂ ਤੋਂ ਥੋੜ੍ਹਾ ਜ਼ਿਆਦਾ ਹੁੰਦਾ ਹੈ, ਉਨ੍ਹਾਂ ਨੂੰ ਅਤਿ-ਲੰਬੀ ਦੂਰੀ ਦੀਆਂ ਉਡਾਣਾਂ ਕਿਹਾ ਜਾਂਦਾ ਹੈ।

Leave a comment