15.1 C
Sacramento
Tuesday, October 3, 2023
spot_img

ਏਅਰ ਇੰਡੀਆ ਬੰਬ ਧਮਾਕੇ ਦੇ ਪੀੜਤਾਂ ਦੀ ਯਾਦ ‘ਚ ਸ਼ਰਧਾਂਜਲੀ ਸਮਾਰੋਹ 23 ਜੂਨ ਨੂੰ

ਸਰੀ, 21 ਜੂਨ (ਹਰਦਮ ਮਾਨ/ਪੰਜਾਬ ਮੇਲ)- 1985 ਵਿਚ ਹੋਏ ਏਅਰ ਇੰਡੀਆ ਬੰਬ ਕਾਂਡ ਵਿਚ ਮਾਰੇ ਗਏ 331 ਪੀੜਤਾਂ (ਜਿਨ੍ਹਾਂ ਵਿਚ 82 ਬੱਚੇ ਵੀ ਸ਼ਾਮਲ ਸਨ) ਦੀ 38ਵੀਂ ਸਾਲਾਨਾ ਬਰਸੀ 23 ਜੂਨ 2023 ਨੂੰ ਸ਼ਾਮ 6:30 ਵਜੇ, ਵੈਨਕੂਵਰ ਵਿਖੇ ਸਟੈਨਲੇ ਪਾਰਕ ਦੇ ਸੇਪਰਲੇ ਖੇਡ ਮੈਦਾਨ ‘ਚ ਮਨਾਈ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਸਰੀ-ਟਾਈਨਹੈੱਡ ਦੇ ਸਾਬਕਾ ਵਿਧਾਇਕ ਦੇਵ ਐੱਸ. ਹੇਅਰ ਨੇ ਦੱਸਿਆ ਹੈ ਕਿ ਕੈਨੇਡੀਅਨ ਇਤਿਹਾਸ ਦੀ ਸਭ ਤੋਂ ਵੱਡੀ ਹਵਾਈ ਤਬਾਹੀ ਦੇ ਇਸ 38ਵੇਂ ਸਾਲਾਨਾ ਸ਼ਰਧਾਂਜਲੀ ਸਮਾਰੋਹ ਵਿਚ ਨਾ ਸਿਰਫ ਇਸ ਭਿਆਨਕ ਅੱਤਵਾਦੀ ਬੰਬ ਧਮਾਕੇ ਦੇ 329 ਪੀੜਤਾਂ ਨੂੰ ਯਾਦ ਕੀਤਾ ਜਾਵੇਗਾ, ਬਲਕਿ ਨਾਰੀਤਾ (ਜਾਪਾਨ) ਵਿਚ ਸਮਾਨ ਸੰਭਾਲਣ ਵਾਲੇ 2 ਪੀੜਤਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਜਾਵੇਗੀ, ਜੋ ਏਅਰ ਇੰਡੀਆ ਦੀ ਇੱਕ ਹੋਰ ਉਡਾਣ ਵਿਚ ਹੋਏ ਦੂਜੇ ਅੱਤਵਾਦੀ ਬੰਬ ਧਮਾਕੇ ਵਿਚ ਮਾਰੇ ਗਏ ਸਨ, ਜੋ ਸਮੇਂ ਤੋਂ ਪਹਿਲਾਂ ਫਟ ਗਿਆ ਸੀ।
ਦੇਵ ਹੇਅਰ ਨੇ ਕਿਹਾ ਕਿ ਇਸ ਭਿਆਨਕ ਦਰਦਨਾਕ ਕਾਂਡ ਦੇ ਪੀੜਤ ਪਰਿਵਾਰਾਂ ਦੇ ਮੈਂਬਰ ਹਰ ਪਲ ਦਰਦ ਹੰਢਾ ਰਹੇ ਹਨ। ਇਹ ਸਾਲਾਨਾ ਯਾਦਗਾਰੀ ਸਮਾਰੋਹ ਸਾਨੂੰ ਸਾਰਿਆਂ ਨੂੰ ਯਾਦ ਦਿਵਾਉਂਦਾ ਹੈ ਕਿ ਇੱਕ ਸਭਿਅਕ ਸੰਸਾਰ ਵਿਚ ਅੱਤਵਾਦ ਲਈ ਕੋਈ ਥਾਂ ਨਹੀਂ ਹੈ ਅਤੇ ਇਸ ਨੂੰ ਹਰ ਕੀਮਤ ‘ਤੇ ਖਤਮ ਕੀਤਾ ਜਾਣਾ ਚਾਹੀਦਾ ਹੈ। .
ਜ਼ਿਕਰਯੋਗ ਹੈ ਕਿ ਦੇਵ ਹੇਅਰ 2001 ਤੋਂ 2013 ਤੱਕ 12 ਸਾਲਾਂ ਦੌਰਾਨ ਇੱਕ ਵਿਧਾਇਕ ਦੇ ਰੂਪ ਵਿਚ ਅਕਸਰ ਬੀ.ਸੀ. ਵਿਧਾਨ ਸਭਾ ਵਿਚ ਏਅਰ ਇੰਡੀਆ ਬੰਬਾਰੀ ਤਬਾਹੀ, ਪੀੜਤਾਂ ਦੇ ਅਧਿਕਾਰਾਂ ਨੂੰ ਮਜ਼ਬੂਤ ਕਰਨ ਅਤੇ ਅੱਤਵਾਦ ਦੇ ਵਿਰੁੱਧ ਆਵਾਜ਼ ਬੁਲੰਦ ਕਰਦੇ ਰਹੇ ਹਨ। ਉਨ੍ਹਾਂ ਇਸ ਸ਼ਰਧਾਂਜਲੀ ਸਮਾਗਮ ਵਿਚ ਸ਼ਾਮਲ ਹੋਣ ਲਈ ਸਾਰਿਆਂ ਨੂੰ ਸੱਦਾ ਦਿੱਤਾ ਹੈ। ਮੀਡੀਆ ਦੇ ਮੈਂਬਰਾਂ ਨੂੰ ਵੀ ਹਾਜ਼ਰ ਹੋਣ ਲਈ ਸੱਦਾ ਦਿੰਦਿਆਂ ਉਨ੍ਹਾਂ ਇਸ ਮੌਕੇ ਦੀ ਗੰਭੀਰਤਾ ਅਤੇ ਉਨ੍ਹਾਂ ਪਰਿਵਾਰਾਂ ਦੀ ਪ੍ਰਾਈਵੇਸੀ ਦਾ ਆਦਰ ਕਰਨ ਲਈ ਕਿਹਾ ਹੈ, ਜੋ ਆਪਣੇ ਪਿਆਰਿਆਂ ਦੇ ਸਦੀਵੀ ਵਿਛੋੜੇ ‘ਤੇ ਸੋਗ ਕਰਨ ਲਈ ਉੱਥੇ ਸ਼ਾਮਲ ਹੋਣਗੇ।
ਪੀੜਤਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਰਵਾਏ ਜਾਣ ਵਾਲੇ ਇਸ ਸਮਾਗਮ ਸਬੰਧੀ ਵਧੇਰੇ ਜਾਣਕਾਰੀ ਲਈ ਮੇਜਰ ਸਿੱਧੂ ਨਾਲ 604-719-7897 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਮੇਜਰ ਸਿੱਧੂ ਦੀ ਭੈਣ, ਭਤੀਜਾ ਅਤੇ ਭਤੀਜੀ 23 ਜੂਨ 1985 ਨੂੰ ਇਸੇ ਏਅਰ ਇੰਡੀਆ ਦੀ ਫਲਾਈਟ ਵਿਚ ਮਾਰੇ ਗਏ ਸਨ।

Related Articles

Stay Connected

0FansLike
3,878FollowersFollow
21,200SubscribersSubscribe
- Advertisement -spot_img

Latest Articles