ਮੁੰਬਈ/ਸਾਨ ਫਰਾਂਸਿਸਕੋ, 9 ਜੂਨ (ਪੰਜਾਬ ਮੇਲ)- ਏਅਰ ਇੰਡੀਆ ਦਾ ਹਵਾਈ ਜਹਾਜ਼ ਰੂਸ ਦੇ ਸ਼ਹਿਰ ਮਗਾਦਾਨ ਵਿਚ ਰੁਕੇ 200 ਤੋਂ ਵੱਧ ਮੁਸਾਫਿਰਾਂ ਨੂੰ ਲੈ ਕੇ ਅੱਜ ਸਾਨ ਫਰਾਂਸਿਸਕੋ ਵਿਚ ਉਤਰਿਆ।
ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਏਅਰ ਇੰਡੀਆ ਦੀ ਦਿੱਲੀ-ਸਾਨ ਫਰਾਂਸਿਸਕੋ ਉਡਾਣ ਇੰਜਣ ਦੀ ਤਕਨੀਕੀ ਖਰਾਬੀ ਕਾਰਨ ਰੂਸ ਦੇ ਸ਼ਹਿਰ ਮਗਾਦਾਨ ਵੱਲ ਮੋੜ ਦਿੱਤੀ ਗਈ ਸੀ, ਜਿਸ ਮਗਰੋਂ ਹਵਾਈ ਅਮਲਾ ਤੇ ਮੁਸਾਫਿਰ ਮਗਾਦਾਨ ਵਿਚ ਹੀ ਰੁਕੇ ਹੋਏ ਸਨ। ਬੀਤੇ ਦਿਨੀਂ ਏਅਰ ਇੰਡੀਆ ਨੇ ਇਨ੍ਹਾਂ 216 ਮੁਸਾਫਿਰਾਂ ਤੇ ਹਵਾਈ ਜਹਾਜ਼ ਅਮਲੇ ਦੇ 16 ਮੈਂਬਰਾਂ ਨੂੰ ਸਾਨ ਫਰਾਂਸਿਸਕੋ ਪਹੁੰਚਾਉਣ ਲਈ ਇਕ ਹੋਰ ਜਹਾਜ਼ ਮਗਾਦਾਨ ਭੇਜਿਆ ਸੀ। ਏਅਰਲਾਈਨ ਵੱਲੋਂ ਅੱਜ ਜਾਰੀ ਕੀਤੇ ਗਏ ਬਿਆਨ ਅਨੁਸਾਰ ਇਹ ਵਿਸ਼ੇਸ਼ ਹਵਾਈ ਜਹਾਜ਼ ਸਾਨ ਫਰਾਂਸਿਸਕੋ ਵਿਚ ਸੁਰੱਖਿਅਤ ਉਤਰ ਗਿਆ ਹੈ।
ਮੁਸਾਫਿਰਾਂ ਦਾ ਸਾਰਾ ਖਰਚਾ ਮੋੜਿਆ ਜਾਵੇਗਾ: ਏਅਰ ਇੰਡੀਆ
ਏਅਰ ਇੰਡੀਆ ਨੇ ਕਿਹਾ ਹੈ ਕਿ ਦਿੱਲੀ-ਸਾਨ ਫਰਾਂਸਿਸਕੋ ਉਡਾਣ ਦੇ ਸਾਰੇ ਮੁਸਾਫਿਰਾਂ ਨੂੰ ਪੂਰਾ ਖਰਚਾ ਮੋੜ ਦਿੱਤਾ ਜਾਵੇਗਾ। ਕਾਬਿਲੇਗੌਰ ਹੈ ਕਿ 6 ਜੂਨ ਨੂੰ ਤਕਨੀਕੀ ਖਰਾਬੀ ਕਾਰਨ ਇਹ ਉਡਾਣ ਰੂਸ ਦੇ ਸ਼ਹਿਰ ਮਗਾਦਾਨ ਮੋੜ ਦਿੱਤੀ ਗਈ ਸੀ। ਹਵਾਈ ਕੰਪਨੀ ਦੇ ਅਧਿਕਾਰੀ ਰਾਜੇਸ਼ ਡੋਗਰਾ ਨੇ ਕਿਹਾ ਕਿ ਦਿੱਲੀ ਤੋਂ ਉਡਾਣ ਭਰਨ ਮਗਰੋਂ ਇਹ ਮੁਸਾਫਿਰ 56 ਘੰਟਿਆਂ ਮਗਰੋਂ ਆਪਣੀ ਮੰਜ਼ਿਲ ‘ਤੇ ਪਹੁੰਚੇ ਹਨ। ਇਨ੍ਹਾਂ ਮੁਸਾਫਿਰਾਂ ਦੇ ਸਫਰ ਦਾ ਖਰਚਾ ਵਾਪਸ ਮੋੜਿਆ ਜਾਵੇਗਾ ਤੇ ਇਸ ਤੋਂ ਇਲਾਵਾ ਭਵਿੱਖ ਵਿਚ ਏਅਰ ਇੰਡੀਆ ‘ਤੇ ਸਫਰ ਕਰਨ ਲਈ ਵਾਊਚਰ ਵੀ ਦਿੱਤਾ ਜਾਵੇਗਾ। ਉਨ੍ਹਾਂ ਨੇ ਮੁਸਾਫਿਰਾਂ ਨੂੰ ਪੇਸ਼ ਆਈਆਂ ਦਿਕੱਤਾਂ ਲਈ ਦੁੱਖ ਵੀ ਪ੍ਰਗਟਾਇਆ ਅਤੇ ਮੰਜ਼ਿਲ ‘ਤੇ ਦੇਰੀ ਨਾਲ ਪੁੱਜਣ ਲਈ ਮੁਆਫੀ ਵੀ ਮੰਗੀ।