28.4 C
Sacramento
Wednesday, October 4, 2023
spot_img

ਉੱਘੇ ਸਮਾਜ ਸੇਵਕ ਡਾ. ਐੱਸ.ਪੀ. ਸਿੰਘ ਓਬਰਾਏ ਵੱਲੋਂ ਜਲੰਧਰ ਜ਼ਿਲ੍ਹੇ ‘ਚ ਰਾਹਤ ਕਾਰਜ ਜਾਰੀ

-ਹੁਣ ਹੜ੍ਹ ਪੀੜਤਾਂ ਲਈ ਪਸ਼ੂਆਂ ਦੀਆਂ ਦਵਾਈਆਂ, ਮੱਛਰਦਾਨੀਆਂ ਤੇ ਹੋਰ ਲੋੜੀਂਦਾ ਸਮਾਨ ਭੇਜਿਆ
ਜਲੰਧਰ, 2 ਅਗਸਤ (ਪੰਜਾਬ ਮੇਲ)- ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਕੁਝ ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਆਏ ਹੋਏ ਹਨ, ਜਿਸ ਕਾਰਨ ਵੱਡੇ ਪੱਧਰ ‘ਤੇ ਫ਼ਸਲਾਂ ਬਰਬਾਦ ਹੋਣ ਦੇ ਨਾਲ-ਨਾਲ ਆਮ ਜੀਵਨ ਵੀ ਅਸਤ ਵਿਅਸਤ ਹੋਇਆ ਪਿਆ ਹੈ। ਇਸ ਮੁਸ਼ਕਿਲ ਘੜੀ ਦੌਰਾਨ ਲੋੜਵੰਦਾਂ ਦੇ ਮਸੀਹੇ ਵਜੋਂ ਜਾਣੇ ਜਾਂਦੇ ਡਾ. ਐੱਸ.ਪੀ. ਸਿੰਘ ਓਬਰਾਏ ਵੱਲੋਂ ਜਲੰਧਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਵੱਡੇ ਪੱਧਰ ‘ਤੇ ਪਸ਼ੂਆਂ ਦੀਆਂ ਦਵਾਈਆਂ, ਮੱਛਰਦਾਨੀਆਂ ਤੇ ਹੋਰ ਲੋੜੀਂਦਾ ਸਮਾਨ ਭੇਜਿਆ ਗਿਆ ਹੈ।

ਟਰੱਸਟ ਮੁਖੀ ਡਾ. ਐੱਸ.ਪੀ. ਸਿੰਘ ਓਬਰਾਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਐੱਸ.ਪੀ. ਸਿੰਘ ਓਬਰਾਏ ਨੇ ਕਿਹਾ ਕਿ ਪੰਜਾਬ ਇਸ ਸਮੇਂ ਹੜ੍ਹਾਂ ਕਾਰਨ ਮੁਸ਼ਕਿਲ ਦੌਰ ਵਿਚੋਂ ਗੁਜ਼ਰ ਰਿਹਾ ਹੈ। ਪੰਜਾਬ ਦਾ ਵੱਡਾ ਹਿੱਸਾ ਇਸ ਸਮੇਂ ਪਾਣੀ ਦੀ ਮਾਰ ਹੇਠ ਹੈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਸ ਮੁਸ਼ਕਿਲ ਸਮੇਂ ਪੰਜਾਬ ਦੇ ਲੋਕਾਂ ਨਾਲ ਖੜ੍ਹਾ ਹੈ। ਇਨ੍ਹਾਂ ਹਲਾਤਾਂ ਨੂੰ ਬਿਹਤਰ ਬਣਾਉਣ ਲਈ ਜਿਸ ਤਰ੍ਹਾਂ ਦੀ ਸਹਾਇਤਾ ਦੀ ਜ਼ਰੂਰਤ ਹੋਵੇਗੀ, ਟਰੱਸਟ ਉਹ ਜ਼ਰੂਰਤਾਂ ਪੂਰੀਆਂ ਕਰਨ ਵਿਚ ਪ੍ਰਸ਼ਾਸਨ ਤੇ ਲੋਕਾਂ ਨੂੰ ਹਰ ਪੱਖ ਤੋਂ ਸਹਿਯੋਗ ਦੇਵੇਗਾ। ਉਨ੍ਹਾਂ ਦੱਸਿਆ ਕਿ ਜਲੰਧਰ ਜ਼ਿਲ੍ਹੇ ਦੇ ਸਤਲੁਜ ਕੰਢੇ ਵਾਲੇ ਪ੍ਰਭਾਵਿਤ ਖੇਤਰਾਂ ਤੋਂ ਟਰੱਸਟ ਦੀ ਜਲੰਧਰ ਇਕਾਈ ਦੇ ਮੈਂਬਰਾਂ ਵੱਲੋਂ ਜ਼ਮੀਨੀ ਪੱਧਰ ‘ਤੇ ਲੋੜੀਂਦੇ ਸਮਾਨ ਦੀ ਭੇਜੀ ਗਈ ਲਿਸਟ ਅਨੁਸਾਰ ਲੋੜੀਂਦੀਆਂ ਪਸ਼ੂਆਂ ਦੀਆਂ ਦਵਾਈਆਂ, ਮੱਛਰਦਾਨੀਆਂ, ਓਡੋਮੋਸ, ਸੈਨਟਰੀ ਪੈਡ ਆਦਿ ਜ਼ਰੂਰੀ ਵਸਤਾਂ ਲੋੜਵੰਦਾਂ ਤੱਕ ਪੁੱਜਦਾ ਕਰ ਦਿੱਤੀਆਂ ਗਈਆਂ ਹਨ।
ਇਸ ਮੌਕੇ ਗੱਲਬਾਤ ਕਰਦਿਆਂ ਸਮਾਜ ਸੇਵਕ ਗੁਰਨਾਮ ਸਿੰਘ ਅਤੇ ਮਾਸਟਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਡਾਕਟਰ ਓਬਰਾਏ ਵੱਲੋਂ ਭਾਰੀ ਮਾਤਰਾ ਵਿਚ ਪਸ਼ੂਆਂ ਦੀਆਂ ਦਵਾਈਆਂ, ਮੱਛਰਦਾਨੀਆਂ, ਓਡੋਮੋਸ ਅਤੇ ਔਰਤਾਂ ਦੀ ਵਰਤੋਂ ਲਈ ਜੋ ਸੈਨਟਰੀ ਪੈਡ ਆਦਿ ਭੇਜੇ ਗਏ ਸਨ, ਉਹ ਅੱਜ ਸਤਲੁਜ ਦੇ ਕੰਢੇ ਵੱਸੇ ਬੂੜੇਵਾਲ, ਬਾਗੀਆਂ ਖੁਰਦ, ਹਜ਼ਾਤੇਵਾਲ, ਸ਼ੇਰੇ ਵਾਲਾ, ਕੰਨੀਆਂ ਖੁਰਦ ਕੰਨੀਆਂ ਆਦਿ ਪਿੰਡਾਂ ਵਿਚ ਘਰ-ਘਰ ਜਾ ਕੇ ਤਕਸੀਮ ਕਰ ਦਿੱਤੇ ਗਏ ਹਨ। ਉਨ੍ਹਾਂ ਡਾ. ਐੱਸ.ਪੀ. ਸਿੰਘ ਓਬਰਾਏ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਵੱਲੋਂ ਜਿੰਨੀ ਮਾਤਰਾ ਵਿਚ ਸਹਾਇਤਾ ਦੀ ਮੰਗ ਕੀਤੀ ਗਈ ਸੀ, ਉਸ ਤੋਂ ਕਿਤੇ ਵੱਡੇ ਪੱਧਰ ‘ਤੇ ਟਰੱਸਟ ਵੱਲੋਂ ਰਾਹਤ ਸਮੱਗਰੀ ਸਾਨੂੰ ਭੇਜੀ ਗਈ ਹੈ।
ਇਸ ਮੌਕੇ ਦੀਪਕ ਸੂਦ ਆਗੂ ਆਮ ਆਦਮੀ ਪਾਰਟੀ, ਕਾਮਰੇਡ ਮਿਹਰ ਸਿੰਘ ਖੁਰਲਾਪੁਰ, ਕਾਮਰੇਡ ਗੁਰਚਰਨ ਸਿੰਘ ਵੀ ਹਾਜ਼ਰ ਸਨ।

Related Articles

Stay Connected

0FansLike
3,878FollowersFollow
21,200SubscribersSubscribe
- Advertisement -spot_img

Latest Articles