#INDIA

ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਦਿੱਲੀ ‘ਚ ਬਿਜਲੀ ਸਬਸਿਡੀ ਦੀ ਮਿਆਦ ਵਧਾਉਣ ਨੂੰ ਦਿੱਤੀ ਮਨਜ਼ੂਰੀ

-ਐੱਲ.ਜੀ. ਦਫ਼ਤਰ ਤੇ ਆਪ ਸਰਕਾਰ ਵਿਚਾਲੇ ਵੱਧਦੀ ਤਕਰਾਰ ਦੌਰਾਨ ਚੁੱਕਿਆ ਗਿਆ ਕਦਮ
ਨਵੀਂ ਦਿੱਲੀ, 14 ਅਪ੍ਰੈਲ (ਪੰਜਾਬ ਮੇਲ)- ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਦਿੱਲੀ ਵਿਚ ਬਿਜਲੀ ਸਬਸਿਡੀ ਦੀ ਮਿਆਦ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਕਦਮ ਬਿਜਲੀ ਮੰਤਰੀ ਆਤਿਸ਼ੀ ਦੇ ਇਕ ਬਿਆਨ ਤੋਂ ਬਾਅਦ ਐੱਲ.ਜੀ. ਦਫ਼ਤਰ ਤੇ ਆਪ ਸਰਕਾਰ ਵਿਚਾਲੇ ਵੱਧਦੀ ਤਕਰਾਰ ਦੌਰਾਨ ਚੁੱਕਿਆ ਗਿਆ। ਆਤਿਸ਼ੀ ਨੇ ਕਿਹਾ ਸੀ ਕਿ ਬਿਜਲੀ ਸਬਸਿਡੀ ਯੋਜਨਾ ਸ਼ੁੱਕਰਵਾਰ ਤੋਂ ਖ਼ਤਮ ਹੋ ਜਾਵੇਗੀ ਕਿਉਂਕਿ ਸਬਸਿਡੀ ਵਧਾਉਣ ਦੀ ਫ਼ਾਈਲ ਐੱਲ.ਜੀ. ਨੇ ਰੋਕ ਲਈ ਹੈ।
ਇਸ ਖਿੱਚੋਤਾਣ ਵਿਚਾਲੇ ਉਪਰਾਜਪਾਲ ਦਫ਼ਤਰ ਨੇ ਕਿਹਾ ਕਿ ਬਿਜਲੀ ਸਬਸਿਡੀ ਦੀ ਫ਼ਾਈਲ 11 ਅਪ੍ਰੈਲ ਦੀ ਦੇਰ ਰਾਤ ਸਰਕਾਰ ਤੋਂ ਮਿਲੀ ਸੀ ਅਤੇ ਇਸ ਨੂੰ ਸ਼ੁੱਕਰਵਾਰ ਸਵੇਰੇ ਵਾਪਸ ਭੇਜ ਦਿੱਤਾ ਗਿਆ। ਐੱਲ.ਜੀ. ਦਫ਼ਤਰ ਦੇ ਇਕ ਅਧਿਕਾਰੀ ਨੇ ਕਿਹਾ ਕਿ ਫ਼ਾਈਲ ‘ਤੇ ਕੱਲ੍ਹ ਹਸਤਾਖ਼ਰ ਕੀਤੇ ਗਏ ਸਨ ਤੇ ਅੱਜ ਆਤਿਸ਼ੀ ਵੱਲੋਂ ਪ੍ਰੈੱਸ ਕਾਨਫਰੰਸ ਤੋਂ ਪਹਿਲਾਂ ਉਸ ਨੂੰ ਮੁੱਖ ਮੰਤਰੀ ਨੂੰ ਭੇਜ ਦਿੱਤਾ ਗਿਆ ਸੀ। ਉਹ ਆਪਣੀ ਗ਼ਲਤੀ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਸਾਫ਼ ਤੌਰ ‘ਤੇ ਬਹੁਤ ਹੀ ਸ਼ਰਮਨਾਕ ਤੇ ਗ਼ਲਤ ਸਥਿਤੀ ਵਿਚ ਹੈ।
ਦਿੱਲੀ ਸਰਕਾਰ ਦੇ ਇਕ ਅਧਿਕਾਰੀ ਨੇ ਮੰਨਿਆ ਕਿ ਸ਼ਹਿਰ ਵਿਚ ਬਿਜਲੀ ਸਬਸਿਡੀ ਵਧਾਉਣ ਦੀ ਫ਼ਾਈਲ ‘ਤੇ ਐੱਲ.ਜੀ. ਨੇ ਹਸਤਾਖ਼ਰ ਕੀਤੇ ਸਨ। ਉਨ੍ਹਾਂ ਕਿਹਾ ਕਿ ਉਪਰਾਜਪਾਲ ਨੇ ਸਬਸਿਡੀ ਦੀ ਫ਼ਾਈਲ ਰੋਕ ਰੱਖੀ ਸੀ ਤੇ ਇਸ ਮਾਮਲੇ ਵਿਚ ਬਿਜਲੀ ਮੰਤਰੀ ਨੇ ਪ੍ਰੈੱਸ ਕਾਨਫ਼ਰੰਸ ਕੀਤੀ ਸੀ। ਬਿਜਲੀ ਮੰਤਰੀ ਆਤਿਸ਼ੀ ਨੇ ਨੇ ਕਿਹਾ ਸੀ ਕਿ ਸ਼ੁੱਕਰਵਾਰ ਤੋਂ ਸ਼ਹਿਰ ਦੇ ਤਕਰੀਬਨ 46 ਲੱਖ ਲੋਕਾਂ ਨੂੰ ਮਿਲਣ ਵਾਲੀ ਸਬਸਿਡੀ ਖ਼ਤਮ ਹੋ ਜਾਵੇਗੀ ਕਿਉਂਕਿ ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਅਜੇ ਤਕ ਉਪਭੋਗਤਾਵਾਂ ਨੂੰ ਸਬਸਿਡੀ ਦੇਣ ਦੀ ਫ਼ਾਈਲ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਇਸ ਕਾਰਨ ਸੋਮਵਾਰ ਤੋਂ ਲੋਕਾਂ ਨੂੰ ਬਿਨਾ ਸਬਸਿਡੀ ਦੇ ਵਧੇ ਹੋਏ ਬਿੱਲ ਮਿਲਣਗੇ।

Leave a comment